ਨਵੀਂ ਦਿੱਲੀ: ਚੀਨ ਦੀ ਸਮਾਰਟਫ਼ੋਨ ਕੰਪਨੀ ਸ਼ਿਓਮੀ ਨੂੰ ਫਲਿੱਪਕਾਰਟ ਦੀ ਬਿੱਗ ਬਿਲੀਅਨ ਸੇਲ ਦਾ ਜ਼ਬਰਦਸਤ ਫ਼ਾਇਦਾ ਹੋਇਆ ਹੈ। ਦੋ ਦਿਨਾਂ ਵਿੱਚ ਸ਼ਿਓਮੀ ਦੇ 10 ਲੱਖ ਸਮਾਰਟਫ਼ੋਨ ਵਿਕ ਗਏ। ਇਹ ਸ਼ਿਓਮੀ ਦੇ ਫ਼ਲਿੱਪਕਾਰਟ ਤੇ ਐਮੇਜ਼ਨ 'ਤੇ ਲੱਗੀਆਂ ਸੇਲਾਂ ਦੌਰਾਨ ਹੋਈ ਕੁੱਲ ਵਿਕਰੀ ਦੇ ਅੰਕੜੇ ਹਨ। ਰਿਕਾਰਡ ਸੇਲ ਦਾ ਅਸਰ ਇੰਨਾ ਰਿਹਾ ਕਿ ਕੰਪਨੀ ਨੇ ਬੀਤੇ ਦੋ ਦਿਨਾਂ ਦੌਰਾਨ ਹਰ ਮਿੰਟ ਵਿੱਚ 300 ਸਮਾਰਟਫ਼ੋਨ ਦੀ ਵਿਕਰੀ ਕੀਤੀ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸੇਲ ਵਿੱਚ ਸ਼ਿਓਮੀ ਦੇ ਸਮਾਰਟਫ਼ੋਨ ਦੀ ਵਿਕਰੀ ਵਿੱਚ ਤੇਜ਼ੀ ਆਈ ਹੈ। ਪਿਛਲੇ ਸਾਲ ਤਕਰੀਬਨ 18 ਦਿਨਾਂ ਦੌਰਾਨ 10 ਲੱਖ ਫ਼ੋਨ ਵਿਕੇ ਸਨ ਪਰ ਇਸ ਵਾਰ ਕੰਪਨੀ ਨੇ ਇਹ ਅੰਕੜਾ ਦੋ ਦਿਨਾਂ ਵਿੱਚ ਹੀ ਪੂਰਾ ਕਰ ਲਿਆ ਹੈ। ਸ਼ਿਓਮੀ ਦੇ ਰੈੱਡਮੀ ਨੋਟ 4 ਨੂੰ ਭਾਰਤ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਫ਼ਲਿੱਪਕਾਰਟ ਦੀ ਬਿੱਗ ਬਿਲੀਅਨ ਸੇਲ ਦੌਰਾਨ ਸਭ ਤੋਂ ਜ਼ਿਆਦਾ ਵਿਕਣ ਵਾਲਾ ਫ਼ੋਨ ਸ਼ਿਓਮੀ ਨੋਟ 4 ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸ਼ਿਓਮੀ ਨੇ ਸਮਾਰਟਫ਼ੋਨ ਸ਼੍ਰੇਣੀ ਵਿੱਚ ਇਸ ਸਾਲ ਸਭ ਤੋਂ ਵੱਧ ਵਿਕਰੀ ਕੀਤੀ ਹੈ। ਸ਼ਿਓਮੀ ਦੇ ਹਾਲ ਹੀ ਵਿੱਚ ਉਤਾਰੇ ਗਏ ਫ਼ੋਨ ਨੋਟ 4 ਦੀ ਕੀਮਤ ਵਿੱਚ 2000 ਰੁਪਏ ਦੀ ਛੋਟ ਮਿਲ ਰਹੀ ਸੀ। ਇਸ ਤਰ੍ਹਾਂ ਇਸ ਦੀ ਕੀਮਤ 12,999 ਤੋਂ ਘਟ ਕੇ 10,999 ਰਹਿ ਗਈ ਸੀ।