ਨਵੀਂ ਦਿੱਲੀ: ਸ਼ਿਓਮੀ ਬਲੈਕ ਸ਼ਾਰਕ ਗੇਮਿੰਗ ਸਮਾਰਟਫ਼ੋਨ 13 ਅਪ੍ਰੈਲ ਨੂੰ ਲਾਂਚ ਹੋਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਹੀ ਇਸ ਗੇਮਿੰਗ ਸਮਾਰਟਫ਼ੋਨ ਦੀ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਇਸ ਤੋਂ ਪਹਿਲਾਂ ਟੀਜ਼ਰ ਵਿੱਚ ਹੀ ਇਹ ਸਾਫ਼ ਹੋ ਗਿਆ ਸੀ ਕਿ ਇਹ ਸਮਾਰਟਫ਼ੋਨ ਸਨੈਪਡ੍ਰੈਗਨ 845 ਚਿਪਸੈੱਟ ਨਾਲ ਆਵੇਗਾ। ਇਸ ਨੂੰ ਰੇਜ਼ਰ ਦੇ ਸਮਾਰਟਫ਼ੋਨ ਦਾ ਸਖ਼ਤ ਮੁਕਾਬਲੇਬਾਜ਼ ਮੰਨਿਆ ਜਾ ਰਿਹਾ ਹੈ।


 

ਚਾਈਨੀਜ਼ ਸੋਸ਼ਲ ਮੀਡੀਆ ਵੈਬਸਾਈਟ ਵੀਬੋ 'ਤੇ ਲੀਕ ਹੋਈਆਂ ਤਸਵੀਰਾਂ ਮੁਤਾਬਕ ਬਲੈਕ ਸ਼ਾਰਕ ਦੇ ਪਿਛਲੇ ਪਾਸੇ 'ਤੇ ਦੋ ਕੈਮਰੇ ਤੇ ਐਲਈਡੀ ਫਲੈਸ਼ ਦਿੱਤੇ ਹੋਣਗੇ ਤੇ ਨਾਲ ਹੀ ਬਲੈਕ ਸ਼ਾਰਕ ਦਾ ਮਾਅਰਕਾ (ਬ੍ਰੈਂਡ ਲੋਗੋ) ਵੀ ਹੋਵੇਗਾ। ਲਾਈਵ ਤਸਵੀਰ ਵਿੱਚ ਸਮਾਰਟਫ਼ੋਨ ਕਸਟਮਾਈਜ਼ ਕੇਸ ਦੇ ਨਾਲ ਆਉਂਦਾ ਹੈ ਜਿਸ ਵਿੱਚ ਪਾਵਰ ਬੈਟਰੀ ਦਿੱਤੀ ਹੋ ਸਕਦੀ ਹੈ ਤਾਂ ਜੋ ਇਹ ਜ਼ਿਆਦਾ ਦੇਰ ਤਕ ਚੱਲ ਸਕੇ।



ਵੀਬੋ 'ਤੇ ਲੀਕ ਦੇ ਮੁਤਾਬਕ ਬਲੈਕ ਸ਼ਾਰਕ ਵਿੱਚ OLED ਸਕ੍ਰੀਨ ਤੇ ਡਿਸਪਲੇਅ ਦੇ ਅੰਦਰ ਹੀ ਫਿੰਗਰਪ੍ਰਿੰਟ ਸਕੈਨਰ ਆ ਸਕਦਾ ਹੈ। ਸ਼ਿਓਮੀ ਸਮਾਰਟਫ਼ੋਨ ਦੇ ਅਗਲੇ ਪਾਸੇ ਵੀ ਫਿੰਗਰ ਪ੍ਰਿੰਟ ਦੇ ਸਕਦਾ ਹੈ। ਅਜਿਹੇ ਵਿੱਚ ਇਹ ਅਟਕਲਾਂ ਵੀ ਤੇਜ਼ ਹੋ ਗਈਆਂ ਹਨ ਕਿ ਇਸ ਸਮਾਰਟਫ਼ੋਨ ਅੰਦਰ ਅੰਡਰ ਡਿਸਪਲੇਅ ਸੈਂਸਰ ਆਵੇਗਾ। ਇਸ ਤੋਂ ਇਲਾਵਾ ਖ਼ਬਰ ਇਹ ਵੀ ਹੈ ਕਿ ਇਹ ਸਮਾਰਟਫ਼ੋਨ ਸਰਾਊਂਡਿਡ ਸਾਊਂਡ ਨਾਲ ਆਉਂਦਾ ਹੈ ਤਾਂ ਜੋ ਗੇਮਿੰਗ ਤਜ਼ਰਬੇ ਨੂੰ ਹੋਰ ਵੀ ਬਿਹਤਰ ਕੀਤਾ ਜਾ ਸਕੇ।