ਵਾਸ਼ਿੰਗਟਨ: ਬੀਤੀ ਜੁਲਾਈ ਵਿੱਚ ਪਹਿਲੀ ਵਾਰ ਖੁਲਾਸਾ ਹੋਣ ਤੋਂ ਬਾਅਦ ਗੂਗਲ ਨੇ ਹਾਲੇ ਤਕ ਤੀਜੀ ਧਿਰ ਐਪਲੀਕੇਸ਼ਨਜ਼ ਨੂੰ ਵਰਤੋਂਕਾਰ ਦੀ ਜੀਮੇਲ ਵਿਚਲੀਆਂ ਈਮੇਲਜ਼ ਪੜ੍ਹਨ ਤੋਂ ਰੋਕਿਆ ਨਹੀਂ। ਸੀਐਨਐਨ ਮਨੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੀਮੇਲ ਤੇ ਗੂਗਲ ਨੇ ਆਪਣੀਆਂ ਅਜਿਹੀਆਂ ਨੀਤੀਆਂ ਦਾ ਬਚਾਅ ਕੀਤਾ ਹੈ, ਜਿਸ ਨਾਲ ਕੋਈ ਤੀਜੀ ਧਿਰ ਦੀ ਐਪਲੀਕੇਸ਼ਨ ਲੋਕਾਂ ਦੀਆਂ ਜੀਮੇਲ ਵਿੱਚੋਂ ਈਮੇਲ ਨੂੰ ਪੜ੍ਹ ਸਕਦੀਆਂ ਹਨ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡਿਵੈਲਪਰਜ਼ ਉਦੋਂ ਤਕ ਡੇਟਾ ਹੋਰਾਂ ਨਾਲ ਸਾਂਝਾ ਕਰ ਸਕਦੇ ਹਨ, ਜਦ ਤਕ ਉਹ ਯੂਜ਼ਰਜ਼ ਪ੍ਰਤੀ ਉਨ੍ਹਾਂ ਦੇ ਡੇਟਾ ਦੀ ਵਰਤੋਂ ਬਾਰੇ ਸਪੱਸ਼ਟ ਰਹਿਣਗੇ। ਰਿਪੋਰਟ ਮੁਤਾਬਕ ਗੂਗਲ ਨੇ ਅਜਿਹਾ ਯੂਐਸ ਸੈਨੇਟਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ। ਪੱਤਰ ਵਿੱਚ ਗੂਗਲ ਦੇ ਅਮਰੀਕਾ ਵਿੱਚ ਜਨਤਕ ਨੀਤੀ ਤੇ ਸਰਕਾਰੀ ਮਾਮਲਿਆਂ ਦੇ ਉਪ ਪ੍ਰਧਾਨ ਸੁਜ਼ੈਨ ਮੋਲਿਨਰੀ ਨੇ ਦੱਸਿਆ ਕਿ ਪ੍ਰਵਾਨਗੀ ਦੇਣ ਤੋਂ ਪਹਿਲਾਂ ਪਰਖਣ ਲਈ ਨਿਜਤਾ ਨੀਤੀ ਨੂੰ ਵਰਤੋਂਕਾਰ ਸੌਖਿਆਂ ਹੀ ਵੇਖ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੀ ਜੁਲਾਈ ਵਿੱਚ ਵਾਲ ਸਟ੍ਰੀਟ ਜਨਰਲ ਨੇ ਇਸ ਬਾਰੇ ਖੁਲਾਸਾ ਕੀਤਾ ਸੀ। ਹੁਣ ਨਵੀਂ ਰਿਪੋਰਟ ਮੁਤਾਬਕ ਗੂਗਲ ਵੱਲੋਂ ਹੋਰਨਾਂ ਨੂੰ ਦਿੱਤੀ ਜਾਣ ਵਾਲੀ ਇਹ ਖੁੱਲ੍ਹ ਹਾਲੇ ਵੀ ਜਾਰੀ ਹੈ। ਪੂਰੀ ਦੁਨੀਆ ਵਿੱਚ ਜੀਮੇਲ ਨੂੰ ਤਕਰੀਬਨ 1.4 ਬਿਲੀਅਨ ਲੋਕ ਵਰਤਦੇ ਹਨ, ਜੋ ਇਸ ਤੋਂ ਬਾਅ ਆਉਣ ਵਾਲੇ 25 ਈ-ਮੇਲ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਵਰਤੋਂਕਾਰਾਂ ਤੋਂ ਵੀ ਵੱਧ ਹੈ।