ਮਹਿੰਦਰਾ ਦੀ ਨਵੀਂ XUV ‘ਚੀਤੇ’ ਤੋਂ ਪ੍ਰੇਰਿਤ, ਜਾਣੋ ਕੀ ਕੁਝ ਖਾਸ
ਏਬੀਪੀ ਸਾਂਝਾ | 10 Jan 2019 02:46 PM (IST)
ਚੰਡੀਗੜ੍ਹ: ਮਹਿੰਦਰਾ ਨੇ ਆਪਣੀ ਨਵੀਂ ਐਕਸਯੂਵੀ300 ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨੂੰ 11 ਹਜ਼ਾਰ ਰੁਪਏ ਨਾਲ ਬੁੱਕ ਕਰਵਾਇਆ ਜਾ ਸਕਦਾ ਹੈ। ਇਹ ਚਾਰ ਵਰਸ਼ਨਾਂ W4, W6, W8 ਤੇ W8(O) ’ਚ ਉਪਲੱਬਧ ਹੋਏਗੀ। ਫਰਵਰੀ 2019 ’ਚ ਲਾਂਚ ਕੀਤਾ ਜਾਏਗਾ। ਮਹਿੰਦਰਾ XUV300 ਨੂੰ ਸੈਂਗਯਾਂਗ ਟਿਵੋਲੀ ਦੇ ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ। ਸੈਂਗਯਾਂਗ ਟਿਵੋਲੀ ਗਲੋਬਲ ਮਾਰਕਿਟ ਵਿੱਚ ਬੇਹੱਦ ਸਫ਼ਲ ਕਾਰ ਰਹੀ ਹੈ। ਇਸ ਨੂੰ 2015 ’ਚ ਲਾਂਚ ਕੀਤਾ ਗਿਆ ਸੀ। ਹੁਣ ਤਕ ਇਸ ਦੇ 2.6 ਲੱਖ ਤੋਂ ਵੱਧ ਯੂਨਿਟ ਵਿਕ ਚੁੱਕੇ ਹਨ। ਮਹਿੰਦਰ ਮੁਤਾਬਕ ਕਾਰ ਦਾ ਡਿਜ਼ਾਈਨ XUV300 ਬਿਲਕੁਲ XUV500 ਵਾਂਗ ‘ਚੀਤੇ’ ਤੋਂ ਪ੍ਰੇਰਿਤ ਹੈ। ਕਾਰ ਦੇ ਵ੍ਹੀਲ ਆਰਕ ਨੂੰ ਮਹਿੰਦਰਾ ਨੇ ਚੀਤੇ ਦੀ ਜਾਂਘ ਤੋਂ ਪ੍ਰੇਰਿਤ ਦੱਸਿਆ ਹੈ। XUV300 ਫੀਚਰ ਲੋਡਿਡ ਕਾਰ ਹੋਏਗੀ। ਇਸ ਵਿੱਚ ਕਈ ਅਜਿਹੇ ਫੀਚਰ ਵੀ ਦਿੱਤੇ ਗਏ ਹਨ ਜੋ ਸੈਗਮੈਂਟ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਣਗੇ। ਇਨ੍ਹਾਂ ਵਿੱਚ 7 ਏਅਰ ਬੈਗ, ਡਿਊਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਫਰੰਟ ਪਾਰਕਿੰਗ ਸੈਂਸਰ, ਰੀਜਨਰੇਟਿਵ ਬਰੇਕਿੰਗ ਤੇ ਆਟੋ ਇੰਜਣ ਸਟਾਰਟ/ਸਟਾਪ ਵਰਗੇ ਫੀਚਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮਹਿੰਦਰਾ XUV300 ਏਅਰਬੈਗ, ਏਬੀਐਸ, ਆਲ ਵ੍ਹੀਲ ਡਿਸਕ ਬਰੇਕ, ਐਲਈਡੀ ਟੇਲ ਲੈਂਪ, ਮਲਟੀਪਲ ਸਟੀਅਰਿੰਗ ਮੋਡ, ਆਲ ਫੋਰ ਪਾਵਰ ਵਿੰਡੋ ਆਦਿ ਹੋਰ ਸਹੂਲਤਾਂ ਨਾਲ ਲੈਸ ਹੋਏਗੀ। ਕਾਰ ਪੈਟਰੋਲ ਤੇ ਡੀਜ਼ਲ ਦੋਵਾਂ ਵਰਸ਼ਨਾਂ ਵਿੱਚ ਉਪਲੱਬਧ ਹੋਏਗੀ। ਇਸ ਵਿੱਚ ਮਹਿੰਦਰਾ ਮਰਾਜ਼ੋ ਵਾਲਾ 1.5 ਲੀਟਰ ਡੀਜ਼ਲ ਇੰਝਣ ਦਿੱਤਾ ਗਿਆ ਹੈ ਜੋ 300 ਐਨਐਮ ਦੀ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਨੂੰ ਕੰਪਨੀ ਦੇ ਨਾਸਿਕ (ਮਹਾਰਾਸ਼ਟਰ) ਸਥਿਤ ਪਲਾਂਟ ਵਿੱਚ ਤਿਆਰ ਕੀਤਾ ਜਾਏਗਾ। ਇਸ ਦੀ ਕੀਮਤ 8 ਤੋਂ 12 ਲੱਖ ਰੁਪਏ ਵਿਚਾਲੇ ਹੋਏਗੀ। XUV300 ਨੂੰ ਇਲੈਕਟ੍ਰਿਕ ਪਾਵਰਟ੍ਰੇਨ ਵਿੱਚ ਵੀ ਉਤਾਰਿਆ ਜਾਏਗਾ। ਇਸ ਨੂੰ 2020 ਵਿੱਚ ਲਾਂਚ ਕੀਤਾ ਜਾਏਗਾ।