ਟਾਟਾ ਹੈਰੀਅਰ ਬਾਰੇ ਅਹਿਮ ਖੁਲਾਸੇ, ਜੋ ਪਾ ਸਕਦੇ ਕਾਰ ਖਰੀਦਣ ਦੇ ਫੈਸਲੇ 'ਤੇ ਅਸਰ
ਏਬੀਪੀ ਸਾਂਝਾ | 17 Oct 2018 04:35 PM (IST)
ਨਵੀਂ ਦਿੱਲੀ: ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ ਮਾਈਕ੍ਰੋ ਐਸਯੂਵੀ ਸੈਗਮੈਂਟ ਵਿੱਚ ਤਰਥੱਲੀ ਮਚਾਉਣ ਵਾਲੀ ਕਾਰ ਟਾਟਾ ਹੈਰੀਅਰ ਨੂੰ ਇੱਕ ਵਾਰ ਫਿਰ ਤੋਂ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ। ਭਾਰਤ ਵਿੱਚ ਇਸ ਕਾਰ ਨੂੰ ਜਨਵਰੀ 2019 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਗਾਹਕਾਂ ਦਾ ਰੁਝਾਨ ਦੇਖਦਿਆਂ ਕੰਪਨੀ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰ ਨੂੰ 30,000 ਰੁਪਏ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ। ਕੈਮਰੇ ਵਿੱਚ ਕੈਦ ਹੋਈਆਂ ਤਾਜ਼ਾ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਟਾਟਾ ਹੈਰੀਅਰ ਆਟੋ ਐਕਸਪੋ ਵਿੱਚ ਦਿਖਾਏ ਕੰਸੈਪਟ ਮੁਤਾਬਕ ਹੀ ਦਿੱਸਦੀ ਹੈ। ਇਸ ਵਿੱਚ 5-ਸਪੋਕ ਅਲੌਇ ਵ੍ਹੀਲ ਦਿੱਤੇ ਗਏ ਹਨ। ਕਾਰ ਨੂੰ ਸੁੰਦਰ ਦਿੱਖ ਦੇਣ ਲਈ ਹਾਈ ਸ਼ੋਲਡਰ ਲਾਈਨਾਂ ਦਿੱਤੀਆਂ ਗਈਆਂ ਹਨ, ਜੋ ਅੱਗੇ ਤੋਂ ਸ਼ੁਰੂ ਹੋ ਕੇ ਪਿਛਲੀਆਂ ਲਾਈਟਾਂ ਤਕ ਜਾਂਦੀਆਂ ਹਨ। ਬੀ ਪਿੱਲਰ ਉੱਪਰ ਕਾਲ਼ੀ ਫਿਨਿਸ਼ਿੰਗ ਕੀਤੀ ਗਈ ਹੈ ਤੇ ਸੀ ਪਿੱਲਰ ਨੂੰ ਤਿਕੋਣਾ ਰੱਖਿਆ ਗਿਆ ਹੈ। ਟੇਲ ਲੈਂਪ ਨੂੰ ਸਿਲਕੀ ਲੇਆਊਟ ਦਿੱਤਾ ਗਿਆ ਹੈ, ਜੋ ਅੱਗੇ ਵਾਲੇ ਪਾਸੇ ਲੱਗੇ ਹੋਏ ਡੇਅ-ਟਾਈਮ ਰਨਿੰਗ ਲਾਈਟਾਂ ਨਾਲ ਪ੍ਰੇਰਿਤ ਹੈ। ਪਿਛਲੇ ਪਾਸੇ ਚਾਂਦੀ ਰੰਗੀ ਫੌਕਸ ਸਕਿੱਡ ਪਲੇਟ ਦਿੱਤੀ ਗਈ ਹੈ। ਪਿਛਲੇ ਸ਼ੀਸ਼ੇ 'ਤੇ ਉੱਪਰ ਵਾਲੇ ਸਪੌਇਲਰ ਲੱਗਿਆ ਹੋਇਆ ਹੈ। ਟਾਟਾ ਹੈਰੀਅਰ ਵਿੱਚ 2.0 ਲੀਟਰ ਦਾ ਡੀਜ਼ਲ ਇੰਜਣ ਮਿਲੇਗਾ। ਕੁਝ ਸਮਾਂ ਪਹਿਲਾਂ ਟਾਟਾ ਹੈਰੀਅਰ ਗੀਅਰਬੌਕਸ ਨਾਲ ਦੇਖਿਆ ਗਿਆ ਸੀ। ਅਜਿਹੇ ਵਿੱਚ ਚਰਚਾਵਾਂ ਹਨ ਕਿ ਕੰਪਨੀ ਆਟੋਮੈਟਿਕ ਗੀਅਰਬੌਕਸ ਦਾ ਵਿਕਲਪ ਵੀ ਦੇ ਸਕਦੀ ਹੈ। ਟਾਟਾ ਹੈਰੀਅਰ ਦੀ ਸਿੱਧੀ ਟੱਕਰ ਹੁੰਡਈ ਕ੍ਰੇਟਾ ਤੇ ਜੀਪ ਕੰਪਾਸ ਨਾਲ ਹੋਵੇਗਾ। ਕੀਮਤ ਬਾਰੇ ਹਾਲੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ, ਪਰ ਕਿਆਸ ਲਾਏ ਜਾ ਰਹੇ ਹਨ ਕਿ ਇਸ ਦੀ ਕੀਮਤ 15 ਲੱਖ ਰੁਪਏ ਦੇ ਨੇੜੇ-ਤੇੜੇ ਹੋ ਸਕਦੀ ਹੈ।