ਚੰਡੀਗੜ੍ਹ: ਪੰਜਾਬ ਵਿੱਚ ਇਸ ਵਾਰ ਘੱਟ ਮਾਤਰਾ ਵਿੱਚ ਪਰਾਲ਼ੀ ਸਾੜੀ ਗਈ ਹੈ। ਇਸ ਦਾ ਪ੍ਰਮਾਣ ਹਵਾ ਦੀ ਗੁਣਵੱਤਾ ਤੋਂ ਮਿਲਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪੰਜਾਬ ਵਿੱਚ ਏਅਰ ਕੁਆਲਿਟੀ ਇੰਡੈਕਸ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੀ ਹੈ। ਹਾਲਾਂਕਿ, ਪੰਜਾਬ ਵਿੱਚ ਹਾਲੇ ਹਵਾ ਸਹੀ ਹੈ ਪਰ ਦਿੱਲੀ ਵਿੱਚ ਲੋਕਾਂ ਦੇ ਸਾਹ ਘੁਟਣ ਦੀਆਂ ਗੱਲਾਂ ਵੀ ਉੱਠਣ ਲੱਗੀਆਂ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਬੀਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਏਕਿਊਆਈ ਪੱਧਰ 129, ਜਲੰਧਰ 'ਚ 132, ਲੁਧਿਆਣਾ 'ਚ 143, ਮੰਡੀ ਗੋਬਿੰਦਗੜ੍ਹ ਵਿੱਚ 199, ਪਟਿਆਲਾ 'ਚ 160 ਤੇ ਖੰਨਾ ਵਿੱਚ 121 ਮਾਈਕ੍ਰੋਗ੍ਰਾਮਜ਼ ਪ੍ਰਤੀ ਘਣ ਮੀਟਰ ਦਰਜ ਹੋਇਆ ਹੈ, ਜੋ ਠੀਕ-ਠਾਕ ਹਵਾ ਨੂੰ ਦਰਸਾਉਂਦਾ ਹੈ।
ਏਕਿਊਆਈ 0-50 ਹੋਣ ਦਾ ਮਤਲਬ ਹਵਾ ਦੀ ਗੁਣਵੱਤਾ ਉੱਤਮ, 51-100 ਦਾ ਮਤਲਬ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਕੁਝ ਸਮੱਸਿਆਵਾਂ ਪੈਦਾ ਕਰਨ ਵਾਲੀ ਹਵਾ, 101-200 ਤਕ ਸਾਹ ਦੇ ਮਰੀਜ਼ਾਂ ਲਈ ਖ਼ਰਾਬ, 201-300 ਰੇਂਜ ਦੀ ਹਵਾ ਨੂੰ ਬਹੁਤੀ ਦੇਰ ਸਾਹ ਲੈਣ ਲਈ ਸਹੀ ਨਹੀਂ ਸਮਝਿਆ ਜਾਂਦਾ, 301-400 ਏਕਿਊਆਈ ਦੀ ਹਵਾ ਕਾਫੀ ਖ਼ਰਾਬ ਹੁੰਦੀ ਹੈ ਤੇ 401-500 ਗੁਣਵੱਤਾ ਦੀ ਹਵਾ ਬੇਹੱਦ ਖ਼ਤਰਨਾਕ ਸਮਝੀ ਜਾਂਦੀ ਹੈ।
ਉੱਧਰ, ਪਿਛਲੇ ਸਾਲ ਪਰਾਲ਼ੀ ਸਾੜਨ ਦੇ ਦਿਨਾਂ ਦੌਰਾਨ ਅੰਮ੍ਰਿਤਸਰ ਵਿੱਚ ਏਕਿਊਆਈ ਦਾ ਪੱਧਰ 235, ਲੁਧਿਆਣਾ ਦਾ 251 ਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 205 ਮਾਈਕ੍ਰੋਗ੍ਰਾਮਜ਼ ਪ੍ਰਤੀ ਘਣ ਮੀਟਰ ਵੇਖੀ ਗਈ ਸੀ, ਜੋ ਗੰਧਲੀ ਹਵਾ ਦਾ ਪ੍ਰਤੀਕ ਹੈ। ਤਾਜ਼ਾ ਅੰਕੜਿਆਂ ਤੋਂ ਬਾਅਦ ਬਠਿੰਡਾ ਦੀ ਹਵਾ ਵਿੱਚ ਜ਼ਿਕਰਯੋਗ ਸੁਧਾਰ ਦੇਖਿਆ ਗਿਆ ਹੈ। ਇੱਥੇ ਏਕਿਊਆਈ ਪੱਧਰ ਸਿਰਫ਼ 94 ਤੇ ਰੋਪੜ ਵਿੱਚ 73 ਦਰਜ ਕੀਤਾ ਗਿਆ ਹੈ, ਜੋ ਉੱਤਮ ਹਵਾ ਦਾ ਸੂਚਕ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਹੁਣ ਤਕ 894 ਮਾਮਲੇ ਨੋਟ ਕੀਤੇ ਹਨ, ਜਦਕਿ ਪਿਛਲੇ ਸਾਲ ਇਸੇ ਸਮੇਂ ਤਕ ਇਹ ਅੰਕੜਾ 2200 ਤੋਂ ਵੀ ਵੱਧ ਸੀ। ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਅੰਕੜੇ ਨੂੰ ਦੇਖ ਕੇ ਬਹੁਤਾ ਖ਼ੁਸ਼ ਹੋਣ ਦੀ ਲੋੜ ਨਹੀਂ ਕਿਉਂਕਿ ਇਸ ਵਾਰ ਝੋਨੇ ਦੀ ਵਾਢੀ ਕਾਫੀ ਪਛੜ ਚੁੱਕੀ ਹੈ। ਹੁਣ ਆਉਂਦੇ ਤਿੰਨ ਦਿਨਾਂ ਤਕ ਮੌਸਮ ਖ਼ਰਾਬ ਹੋਣ ਦੀ ਭਵਿੱਖਬਾਣੀ ਕਰਨ ਵਾਢੀ ਹੋਰ ਵੀ ਪਛੜਨ ਦਾ ਖ਼ਦਸ਼ਾ ਹੈ।
ਪੀਪੀਸੀਬੀ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜ਼ਮੀਨੀ ਪੱਧਰ ਉੱਪਰ ਪਰਾਲ਼ੀ ਨੂੰ ਸਾੜੇ ਜਾਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਿਭਾਗ ਦੇ ਮੁਲਾਜ਼ਮ ਪੂਰੀ ਤਰ੍ਹਾਂ ਨਾਲ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸੂਬੇ ਵਿੱਚ 340 ਕਿਸਾਨਾਂ ਉੱਪਰ 9.9 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ, ਜਿਸ ਵਿੱਚੋਂ 3.27 ਲੱਖ ਰੁਪਏ ਨੂੰ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਵਜੋਂ ਵਰਤਿਆ ਜਾਵੇਗਾ।