ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਵੇਖੀ ਗਈ ਹੈ। ਘਰੇਲੂ ਬਾਜ਼ਾਰ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਅਪਰੈਲ ਵਿੱਚ 17.07 ਫੀਸਦੀ ਡਿੱਗ ਕੇ 2,47,541 ਇਕਾਈਆਂ 'ਤੇ ਰਹੀ। ਇਸ ਤੋਂ ਪਹਿਲਾਂ ਅਪਰੈਲ 2018 ਵਿੱਚ 2,98,504 ਯਾਤਰੀ ਵਾਹਨਾਂ ਦੀ ਸੇਲ ਹੋਈ ਸੀ।

ਭਾਰਤੀ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਘਰੇਲੂ ਬਾਜ਼ਾਰ ਵਿੱਚ ਕਾਰਾਂ ਦੀ ਵਿਕਰੀ ਅਪਰੈਲ ਵਿੱਚ 19.93 ਫੀਸਦੀ ਡਿੱਗ ਕੇ 1,60,279 ਵਾਹਨ ਰਹੀ। ਇੱਕ ਸਾਲ ਪਹਿਲਾਂ ਇਸੇ ਮਹੀਨੇ 2,00,183 ਕਾਰਾਂ ਵੇਚੀਆਂ ਗਈਆਂ।

ਇਸ ਦੌਰਾਨ, ਮੋਟਰਸਾਈਕਲਾਂ ਦੀ ਵਿਕਰੀ ਵੀ 11.81 ਫੀਸਦੀ ਡਿੱਗ ਕੇ 10,84,811 ਇਕਾਈਆਂ 'ਤੇ ਰਹੀ ਜਦਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 12,30,046 ਇਕਾਈਆਂ 'ਤੇ ਸੀ। ਦੋਪਹੀਆ ਵਾਹਨਾਂ ਦੀ ਕੁੱਲ ਵਿਕਰੀ ਅਪਰੈਲ, 2019 ਵਿੱਚ 16.36 ਫੀਸਦੀ ਡਿੱਗ ਕੇ 16,38,388 ਇਕਾਈਆਂ 'ਤੇ ਰਹਿ ਗਈ। ਇਸ ਦੇ ਮੁਕਾਬਲੇ ਅਪਰੈਲ 2018 ਵਿੱਚ 19,58,761 ਦੋਪਹੀਆ ਵਾਹਨ ਵੇਚੇ ਗਏ ਸਨ।