ਨਵੀਂ ਦਿੱਲੀ: ਸਰਕਾਰੀ ਕੰਪਨੀਆਂ ਬੀਐਸਐਨਐਲ ਤੇ ਐਮਟੀਐਨਐਲ ਨੇ ਆਪਣੇ ਗਾਹਕਾਂ ਦੇ ਪਲਾਨ ਦੀ ਵੈਧਤਾ 20 ਅਪਰੈਲ ਤੱਕ ਵਧਾਉਂਦਿਆਂ 10 ਰੁਪਏ ਦਾ ਵਾਧੂ ਟਾਕਟਾਈਮ ਦੇ ਦਿੱਤਾ ਹੈ। ਦੋਵਾਂ ਕੰਪਨੀਆਂ ਨੇ ਇਹ ਫ਼ੈਸਲਾ ਵਿਸ਼ੇਸ਼ ਤੌਰ ’ਤੇ ਲੋੜਵੰਦ ਦੇ ਗਰੀਬ ਵਰਗ ਦੇ ਲੋਕਾਂ ਦੀ ਮਦਦ ਲਈ ਲਿਆ ਹੈ।

ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਟਵੀਟ ਕੀਤਾ, ‘ਇਸ ਨਾਲ ਲੋਕ ਮੋਬਾਈਲ ਖਾਤੇ ’ਚ ਪੈਸੇ ਖਤਮ ਹੋਣ ਦੇ ਬਾਵਜੂਦ ਮਦਦ ਲਈ ਫੋਨ ਕਰ ਸਕਣਗੇ।’ ਰਵੀ ਸ਼ੰਕਰ ਨੇ ਟੈਲੀਕੌਮ ਤੇ ਡਾਕ ਵਿਭਾਗ ਤੇ ਸਰਕਲ ਮੁਖੀਆਂ ਨਾਲ ਵੀਡੀਓਕਾਨਫਰੰਸ ਕਰਕੇ ਲਾਜ਼ਮੀ ਸੇਵਾਵਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।

ਬੀਐਸਐਨਐਲ ਨੇ ਆਪਣੇ ਬਿਆਨ ’ਚ ਕਿਹਾ ਕਿ ਲੌਕਡਾਊਨ ਦੌਰਾਨ ਜਿਨ੍ਹਾਂ ਦੇ ਪਲਾਨ ਦੀ ਵੈਧਤਾ ਖਤਮ ਹੋਣ ਵਾਲੀ ਹੈ, ਉਸ ਨੂੰ ਵਧਾ ਕੇ 20 ਅਪਰੈਲ ਤੱਕ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਦਾ ਬੈਲੈਂਸ ਸਿਫਰ ਹੋ ਗਿਆ ਹੈ, ਉਨ੍ਹਾਂ ਨੂੰ 10 ਰੁਪਏ ਵਾਧੂ ਦਿੱਤੇ ਗਏ ਹਨ ਤਾਂ ਜੋ ਉਹ ਲੋੜ ਪਈ ’ਤੇ ਇਸ ਦੀ ਵਰਤੋਂ ਕਰ ਸਕਣ।

ਦੂਜੇ ਪਾਸੇ ਭਾਰਤ ਦੀ ਟੈਲੀਫੋਨ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਦੂਰ ਸੰਚਾਰ ਕੰਪਨੀਆਂ ਨੂੰ ਆਪਣੇ ਪ੍ਰੀਪੇਡ ਗਾਹਕਾਂ ਦੀ ਵੈਧਤਾ ਸਮਾਂ ਸੀਮਾ ਵਧਾਉਣ ਲਈ ਕਿਹਾ ਹੈ ਤਾਂ ਜੋ 21 ਦਿਨ ਦੇ ਦੇਸ਼ ਪੱਧਰੀ ਲੌਕਡਾਊਨ ਦੌਰਾਨ ਗਾਹਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸੇਵਾ ਮਿਲ ਸਕੇ। ਟਰਾਈ ਨੇ ਨਾਲ ਹੀ ਕੰਪਨੀਆਂ ਤੋਂ ਪ੍ਰੀਪੇਡ ਗਾਹਕਾਂ ਦੀ ਸਹੂਲਤ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਵੀ ਮੰਗੀ ਹੈ।