ਜੀਓ ਨੇ ਭਾਰਤੀ ਸਟੇਟ ਬੈਂਕ ਨਾਲ ਮਿਲਾਇਆ ਹੱਥ, ਜਾਣੋ ਕੀ ਫਾਇਦਾ
ਏਬੀਪੀ ਸਾਂਝਾ | 03 Aug 2018 03:34 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਡਿਜੀਟਲ ਪੇਮੈਂਟ ਲਈ ਭਾਰਤੀ ਸਟੇਟ ਬੈਂਕ (SBI) ਨਾਲ ਹੱਥ ਮਿਲਾ ਲਿਆ ਹੈ। ਰਿਲਾਇੰਸ ਇੰਡਸਟ੍ਰੀਜ਼ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਦੂਰਸੰਚਾਰ ਸਹਿਯੋਗੀ ਕੰਪਨੀ ਜੀਓ ਨੇ ਭਾਰਤੀ ਸਟੇਟ ਬੈਂਕ ਨਾਲ ਆਪਣੀ ਡਿਜੀਟਲ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਲਈ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਸੇਵਾ ਲਈ SBI ਨੇ ਡਿਜੀਟਲ ਬੈਂਕਿੰਗ ਐਪ ਲਾਂਚ ਕੀਤੀ ਹੈ ਜਿਸ ਦਾ ਨਾਂ YONO (you only need one) ਰੱਖਿਆ ਗਿਆ ਹੈ। ਇਸ ਐਪ ਦੀ ਮਦਦ ਨਾਲ ਹੀ ਲੋਕਾਂ ਨੂੰ ਸਰਵਿਸ ਦਿੱਤੀ ਜਾਏਗੀ। ਐਸਬੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਪਸੰਦੀਦਾ ਸਹਿਯੋਗੀ ਦੇ ਰੂਪ ਵਿੱਚ ਜੀਓ ਨੂੰ ਜੋੜੇਗੀ ਤੇ ਜੀਓ ਨੂੰ ਐਸਬੀਆਈ ਆਪਣੇ ਨੈੱਟਵਰਕ ਤੇ ਕਨੈਕਟੀਵਿਟੀ ਹੱਲ ਵੀ ਮੁਹੱਈਆ ਕਰਾਏਗੀ। ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਜੀਓ ਨਾਲ ਭਾਈਵਾਲੀ ਤੋਂ ਉਤਸ਼ਾਹਿਤ ਹਨ। ਜੀਓ ਦੇ ਫੋਨ ਐਸਬੀਆਈ ਗਾਹਕਾਂ ਨੂੰ ਵਿਸ਼ੇਸ਼ ਆਫਰ ਉਪਲੱਬਧ ਹੋਣਗੇ। ਇਸ ਹਿੱਸੇਦਾਰੀ ’ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਐਸਬੀਆਈ ਦਾ ਗਾਹਕ ਆਧਾਰ ਵਿਸ਼ਵ ਪੱਧਰ ’ਤੇ ਬੇਜੋੜ ਹੈ ਤੇ ਜੀਓ ਆਪਣੇ ਸੁਪੀਰੀਅਰ ਨੈੱਟਵਰਕ ਤੇ ਪਲੇਟਫਾਰਮ ਨਾਲ ਐਸਬੀਆਈ ਤੇ ਜੀਓ ਦੋਵਾਂ ਦੇ ਗਾਹਕਾਂ ਦੀਆਂ ਡਿਜੀਟਲ ਜ਼ਰੂਰਤਾਂ ਪੂਰੀਆਂ ਕਰਨ ਲਈ ਵਚਨਬੱਧ ਹੈ।