ਨਵੀਂ ਦਿੱਲੀ: ਮਸ਼ਹੂਰ ਮੋਟਰਸਾਈਕਲ ਨਿਰਮਾਤਾ ਕੰਪਨੀ ਰੌਇਲ ਇਨਫ਼ੀਲਡ ਨੇ ਬੁੱਧਵਾਰ ਨੂੰ ਦੋ ਨਵੇਂ ਮੋਟਰਸਾਈਕਲ ਕੌਂਟੀਨੈਂਟਲ ਜੀਟੀ 650 ਤੇ ਇੰਟਰਸੈਪਟਰ ਆਈਐਨਟੀ 650 ਦੇ ਕੌਮਾਂਤਰੀ ਲੌਂਚ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੀ ਕੀਮਤ ਕ੍ਰਮਵਾਰ 5,799 ਡਾਲਰ (ਤਕਰੀਬਨ 4,21,558 ਰੁਪਏ) ਤੇ 6,749 ਡਾਲਰ (ਤਕਰੀਬਨ 4,90,618 ਰੁਪਏ) ਹੈ। ਦੋਵੇਂ ਡਬਲ ਸਿਲੰਡਰ ਮੋਟਰਸਾਈਕਲਾਂ ਨੂੰ ਅਗਲੇ ਸਾਲ ਭਾਰਤ ਸਮੇਤ ਅਮਰੀਕਾ, ਬ੍ਰਿਟੇਨ ਤੇ ਯੂਰਪ ਦੇ ਬਾਜ਼ਾਰਾਂ ਵਿੱਚ ਵੇਚਿਆ ਜਾਵੇਗਾ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਿਧਾਰਥ ਲਾਲ ਨੇ ਕਿਹਾ ਕਿ ਰੌਇਲ ਇਨਫ਼ੀਲਡ ਵੱਲੋਂ ਇਹ ਪਹਿਲੇ ਮੋਟਰਸਾਈਕਲ ਹਨ ਜਿਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਲਈ ਡਿਜ਼ਾਈਨ ਤੇ ਵਿਕਸਤ ਕੀਤਾ ਗਿਆ ਹੈ। ਇਹ ਰੌਇਲ ਇਨਫ਼ੀਲਡ ਦੇ ਕੌਮਾਂਤਰੀ ਬ੍ਰਾਂਡ ਬਣਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਸ਼ੁਰੂਆਤ ਵਿੱਚ ਘਾਹ ਕੱਟਣ ਵਾਲੀਆਂ ਮਸ਼ੀਨਾਂ ਤੇ ਹਥਿਆਰ ਬਣਾਉਣ ਵਾਲੀ ਕੰਪਨੀ ਰੌਇਲ ਇਨਫ਼ੀਲਡ ਮੋਟਰਸਾਈਕਲਾਂ ਦੇ ਦੀਵਾਨਿਆਂ ਵਿੱਚ ਇੱਕ ਵੱਡਾ ਨਾਂ ਹੈ। ਭਾਰਤ ਵਿੱਚ ਸੰਨ 1951 ਤੋਂ ਆਪਣਾ ਪਹਿਲਾ ਬੁਲੇਟ ਮੋਟਰਸਾਈਕਲ ਲੌਂਚ ਵਾਲੀ ਇਹ ਕੰਪਨੀ ਅੱਜ ਵੀ ਆਪਣੇ ਦਮਦਾਰ ਮੋਟਰਸਾਈਕਲਾਂ ਕਾਰਨ ਆਪਣੇ ਚਾਹੁਣ ਵਾਲਿਆਂ ਦੇ ਮਨਾਂ 'ਤੇ ਰਾਜ ਕਰਦੀ ਹੈ।