ਨਵੀਂ ਦਿੱਲੀ: ਦੂਰਸੰਚਾਰ ਵਿਭਾਗ ਨੇ ਮੰਗਲਵਾਰ ਨੂੰ 5 ਜੀ ਟਰਾਇਲ ਲਈ ਰਿਲਾਇੰਸ ਜੀਓ, ਭਾਰਤੀ ਏਅਰਟੈਲ, ਵੋਡਾਫੋਨ ਆਈਡੀਆ ਤੇ ਐਮਟੀਐਨਐਲ ਦੇ ਟਰਾਇਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਕੋਈ ਵੀ ਕੰਪਨੀ ਟਰਾਇਲ ਲਈ ਚੀਨੀ ਕੰਪਨੀਆਂ ਦੇ ਉਪਕਰਣਾਂ ਦੀ ਵਰਤੋਂ ਨਹੀਂ ਕਰ ਸਕਦੀ। ਦੂਰਸੰਚਾਰ ਵਿਭਾਗ ਵੱਲੋਂ ਮਨਜ਼ੂਰ ਕੀਤੇ ਦੂਰ ਸੰਚਾਰ ਗੀਅਰ ਨਿਰਮਾਤਾਵਾਂ ਵਿੱਚ ਏਰਿਕਸਨ, ਨੋਕੀਆ, ਸੈਮਸੰਗ, ਸੀ-ਡੌਟ ਤੇ ਰਿਲਾਇੰਸ ਜੀਓ ਦੁਆਰਾ ਡਿਜ਼ਾਈਨ ਕੀਤੀ ਗਈ ਤਕਨਾਲੋਜੀ ਸ਼ਾਮਲ ਹੈ। ਇਸ ਦਾ ਅਰਥ ਇਹ ਹੈ ਕਿ ਟੈਲੀਕਾਮ ਗੇਅਰ ਬਣਾਉਣ ਵਾਲੀਆਂ ਚੀਨੀ ਕੰਪਨੀਆਂ ਭਾਰਤ ਵਿਚ 5 ਜੀ ਟ੍ਰਾਇਲ ਦਾ ਹਿੱਸਾ ਨਹੀਂ ਹੋ ਸਕਦੀਆਂ।
ਜੀਓ ਇਨਫੋਕਾਮ ਆਪਣੀ ਤਕਨੀਕ ਨਾਲ ਟਰਾਇਲ ਕਰੇਗੀ
ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ ਤੇ ਵੋਡਾਫੋਨ ਆਈਡੀਆ ਨੇ ਚੀਨੀ ਕੰਪਨੀ ਹੁਆਵੇਈ ਦੀ ਟੈਕਨਾਲੌਜੀ ਦੀ ਵਰਤੋਂ ਨਾਲ ਟਰਾਇਲ ਆਗਿਆ ਮੰਗੀ ਸੀ ਪਰ ਬਾਅਦ ਵਿਚ ਦਿੱਤੀ ਅਰਜ਼ੀ ਵਿਚ ਉਨ੍ਹਾਂ ਕਿਹਾ ਸੀ ਉਹ ਇਸ ਤੋਂ ਬਿਨਾਂ ਟਰਾਇਲ ਕਰਨਗੇ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਇਨ੍ਹਾਂ ਸੇਵਾ ਪ੍ਰਦਾਤਾਵਾਂ ਨੇ ਏਰੀਕਸਨ, ਨੋਕੀਆ, ਸੈਮਸੰਗ ਤੇ ਸੀ-ਡੌਟ ਜਿਹੇ ਅਸਲ ਉਪਕਰਣ ਨਿਰਮਾਤਾ ਅਤੇ ਤਕਨਾਲੋਜੀ ਪ੍ਰਦਾਤਾ ਨਾਲ ਸਮਝੌਤਾ ਕੀਤਾ ਹੈ।
ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਆਪਣੇ ਆਪ ਦੁਆਰਾ ਤਿਆਰ ਕੀਤੀ ਗਈ ਟੈਕਨਾਲੋਜੀ ਨਾਲ 5-ਜੀ ਟਰਾਇਲ ਕਰੇਗੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਿਨਾ ਚੀਨੀ ਉਪਕਰਣਾਂ ਦੇ 5 ਜੀ ਟ੍ਰਾਇਲ ਨੂੰ ਮੰਜ਼ੂਰੀ ਦੇਣ ਸਾਬਤ ਕਰਦਾ ਹੈ ਕਿ ਸਰਕਾਰ ਹੁਵਾਵੇ ਜਾਂ ਅਜਿਹੀ ਕਿਸੇ ਵੀ ਚੀਨੀ ਕੰਪਨੀ ਨੂੰ ਇਥੇ ਟਰਾਇਲ ਨਹੀਂ ਹੋਣ ਦੇਵੇਗੀ।
ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਇਸ ਟਰਾਇਲ ਦੀ ਮਿਆਦ ਸਮੇਂ ਛੇ ਮਹੀਨੇ ਦੀ ਹੈ। ਇਨ੍ਹਾਂ ਵਿਚੋਂ ਉਪਕਰਣ ਖਰੀਦਣ ਤੇ ਲਗਾਉਣ ਲਈ ਦੋ ਮਹੀਨੇ ਦਿੱਤੇ ਗਏ ਹਨ। ਬਿਆਨ ਅਨੁਸਾਰ ਕੰਪਨੀਆਂ ਨੂੰ ਪੇਂਡੂ ਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਜਾਂਚ ਕਰਨੀ ਪਏਗੀ ਤਾਂ ਜੋ 5 ਜੀ ਸੇਵਾ ਦਾ ਦਾਇਰਾ ਸਿਰਫ ਸ਼ਹਿਰੀ ਖੇਤਰਾਂ ਤੱਕ ਸੀਮਿਤ ਨਾ ਰਹੇ। ਦੇਸ਼ ਦਾ ਹਰ ਖੇਤਰ ਇਸ ਦਾ ਲਾਭ ਲਏ।