ਚੰਡੀਗੜ੍ਹ: ਵ੍ਹੱਟਸਐਪ ’ਤੇ ਫੈਲੀਆਂ ਗ਼ਲਤ ਅਫਵਾਹਾਂ ਕਰਕੇ ਗਈਆਂ ਜਾਨਾਂ ਬਾਅਦ ਸਰਕਾਰ ਨੇ ਸਖ਼ਤ ਰਵੱਈਆ ਅਪਣਾਇਆ ਤੇ ਵ੍ਹੱਟਸਐਪ ਨੂੰ ਵੀ ਇਸ ਸਬੰਧੀ ਪੁਖ਼ਤਾ ਹੱਲ ਕੱਢਣ ਲਈ ਕਿਹਾ ਸੀ। ਇਸ ਪਿੱਛੋਂ ਵ੍ਹੱਟਸਐਪ ਆਏ ਦਿਨ ਕੋਈ ਨਾ ਕੋਈ ਨਵੀਂ ਅਪਡੇਟ ਲਿਆ ਰਿਹਾ ਹੈ। ਇਸੇ ਸਬੰਧ ’ਚ ਫੇਕ ਨਿਊਜ਼ ਨਾਲ ਨਜਿੱਠਣ ਲਈ ਹੁਣ ਨਵੀਂ ਦਿੱਲੀ ਦੀ ਇੱਕ ਮਾਹਰ ਟੀਮ ਅਜਿਹੀ ਮੋਬਾਈਲ ਐਪ ’ਤੇ ਕੰਮ ਕਰ ਰਹੀ ਹੈ, ਜੋ ਇਹ ਦੱਸੇਗੀ ਕਿ ਵ੍ਹੱਟਸਐਪ ਜ਼ਰੀਏ ਆਈ ਖ਼ਬਰ ਗ਼ਲਤ ਹੈ ਜਾਂ ਸਹੀ। ਆਈਆਈਟੀ ਦਿੱਲੀ ਵਿੱਚ ਕੰਪਿਊਟਰ ਸਾਇੰਸ ਦੇ ਐਸੋਸੀਏਟ ਪ੍ਰੋਫੈਸਰ ਕੁਮਾਰਗੁਰੂ ਦੀ ਟੀਮ ਨੇ ਇੱਕ ਐਪ ਬਣਾਈ ਹੈ ਜੋ ਫੇਕ ਨਿਊਜ਼ ਦੀ ਪਛਾਣ ਕਰੇਗੀ। ਪਿਛਲੇ ਦਿਨੀਂ ਵ੍ਹੱਟਸਐਪ ’ਤੇ ਫੈਲੀਆਂ ਅਫਵਾਹਾਂ ਨਾਲ ਮੌਬ ਲਿੰਚਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਕਰਕੇ ਮਹਾਂਰਾਸ਼ਟਰ ਦੇ ਪਿੰਡ ਰੇਨਪਾੜਾ ਵਿੱਚ ਬੱਚਾ ਚੋਰ ਹੋਣ ਦੇ ਸ਼ੱਕ ’ਚ ਲੋਕਾਂ ਨੇ ਕੁੱਟ-ਕੁੱਟ ਕੇ ਪੰਜ ਜਣਿਆਂ ਦੀ ਜਾਨ ਲੈ ਲਈ ਸੀ। ਹਾਲ ਹੀ ਵਿੱਚ ਕਰਨਾਟਕ ਦੇ ਭੀਦੜ ਵਿੱਚ ਵੀ ਭੀੜ ਨੇ ਬੱਚਾ ਚੋਰ ਹੋਣ ਦੇ ਸ਼ੱਕ ’ਚ ਤਿੰਨ ਜਣਿਆਂ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ ਸੀ। ਪ੍ਰੋਫੈਸਰ ਕੁਮਾਰਗੁਰੂ ਨੇ ਕਿਹਾ ਕਿ ਉਹ ਕਾਫੀ ਸੰਖਿਆ ਵਿੱਚ ਡੇਟਾ ਇਕੱਠਾ ਕਰ ਰਹੇ ਹਨ। ਲੋਕਾਂ ਨੂੰ 9354325700 ਨੰਬਰ ’ਤੇ ਮੈਸੇਜ ਫੈਲਾਉਣ ਲਈ ਕਿਹਾ ਗਿਆ ਹੈ। ਇਸ ਮੈਸੇਜ ਦਾ ਵਿਸ਼ਲੇਸ਼ਣ ਕੀਤਾ ਜਾਏਗਾ ਤੇ ਇਸੇ ਮੁਤਾਬਕ ਇਸ ਤਰ੍ਹਾਂ ਦੀਆਂ ਖਬਰਾਂ ’ਤੇ ਲਗਾਮ ਕੱਸਣ ਲਈ ਉਹ ਮਾਡਲ ਤਿਆਰ ਕਰਨਗੇ। ਇਸ ਐਪ ਵਿੱਚ ਫੇਕ ਨਿਊਜ਼ ਦੀ ਪਛਾਣ ਕਰਨ ਲਈ ਕਈ ਕਲਰ ਕੋਡ ਵਰਤੇ ਜਾਣਗੇ। ਇਨ੍ਹਾਂ ਵਿੱਚ ਹਰਾ ਰੰਗ ਦੱਸੇਗਾ ਕਿ ਮੈਸੇਜ ਸਹੀ ਹੈ। ਪੀਲੇ ਰੰਗ ਦਾ ਮਤਲਬ ਹੋਏਗਾ ਕਿ ਇਹ ਸਿਸਟਮ ਨੂੰ ਪਛਾਣ ਨਹੀਂ ਪਾ ਰਿਹਾ ਤੇ ਲਾਲ ਰੰਗ ਦਾ ਮਤਲਬ ਕਿ ਮੈਸੇਜ ਪੂਰੀ ਤਰ੍ਹਾਂ ਫੇਕ ਹੈ।