ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਫੇਸਬੁੱਕ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਹੈ। ਤੁਸੀਂ ਫੇਸਬੁੱਕ 'ਤੇ ਨਵੇਂ ਦੋਸਤ ਬਣਾ ਸਕਦੇ ਹੋ। ਸਿਰਫ ਇਹ ਹੀ ਨਹੀਂ, ਸੁਨੇਹੇ ਤੇ ਕਾਲ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਆਪਣੀ ਫੋਟੋ ਸ਼ੇਅਰ ਕਰ ਸਕਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਅੱਜ ਫੇਸਬੁੱਕ ਦਾ ਜਨਮ ਦਿਨ ਹੈ। ਇਸ ਦੇ ਨਾਲ ਹੀ ਫੇਸਬੁੱਕ ਨੂੰ ਹੁਣ 16 ਸਾਲ ਹੋ ਗਏ ਹਨ। ਇਨ੍ਹਾਂ 16 ਸਾਲਾਂ 'ਚ ਫੇਸਬੁੱਕ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ।

ਤਬਦੀਲੀ ਦੇ ਪਿੱਛੇ ਦਾ ਕਾਰਨ ਫੇਸਬੁੱਕ ਨੇ ਇਹ ਦਿੱਤਾ ਕਿ ਲੋਕਾਂ ਵੱਧ ਤੋਂ ਵੱਧ ਸਮਾਂ ਫੇਸਬੁੱਕ 'ਤੇ ਬਿਤਾਉਣ। ਫੇਸਬੁੱਕ ਨੇ ਯੂਜ਼ਰਸ ਨੂੰ ਰੀਚਾਰਜ ਦੀ ਸਹੂਲਤ ਵੀ ਦੇਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ, ਫੇਸਬੁੱਕ ਨੇ ਯੂਜ਼ਰਸ ਨੂੰ ਗੇਮਿੰਗ ਤੇ ਨੌਕਰੀ ਦੀ ਭਾਲ ਦੀ ਸਹੂਲਤ ਵੀ ਦੇਣੀ ਸ਼ੁਰੂ ਕਰ ਦਿੱਤੀ।

ਫੇਸਬੁੱਕ ਦੀ ਕਾਢ 4 ਫਰਵਰੀ, 2004 ਨੂੰ ਮਾਰਕ ਜੁਕਰਬਰਗ ਨੇ ਆਪਣੇ ਦੋਸਤਾਂ ਨਾਲ ਕੀਤੀ ਸੀ। ਮਾਰਕ ਜ਼ੁਕਰਬਰਗ ਉਦੋਂ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਦਾ ਸੀ। ਫੇਸਬੁੱਕ ਦੇ ਲਾਂਚ ਸਮੇਂ ਇਸਦਾ ਨਾਂ 'ਦ ਫੇਸਬੁੱਕ' ਸੀ। ਬਾਅਦ 'ਚ ਇਸ ਦਾ ਨਾਂ ਬਦਲ ਕੇ ਫੇਸਬੁੱਕ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ 2009 'ਚ ਫੇਸਬੁੱਕ ਦੁਨੀਆ ਦੀ ਸਭ ਤੋਂ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ਬਣ ਗਈ।

ਫੇਸਬੁੱਕ ਨਾਲ ਜੁੜੇ ਕੁਝ ਹੈਰਾਨੀਜਨਕ ਤੱਥ

  • ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੇਸਬੁੱਕ ਦੇ ਦੁਨੀਆ ਭਰ 'ਚ ਤਕਰੀਬਨ 250 ਕਰੋੜ ਯੂਜ਼ਰਸ ਹਨ। ਇਸ ਅੰਕੜੇ ਦੇ ਅਨੁਸਾਰ, ਦੁਨੀਆ 'ਚ ਹਰ ਤਿੰਨ ਚੋਂ ਇੱਕ ਵਿਅਕਤੀ ਫੇਸਬੁੱਕ 'ਤੇ ਹੈ।

  • ਭਾਰਤ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਫੇਸਬੁੱਕ ਉਪਭੋਗਤਾ ਸਿਰਫ ਭਾਰਤ 'ਚ ਹਨ। 2019 ਵਿੱਚ ਭਾਰਤ ਨੇ ਅਮਰੀਕਾ ਨੂੰ ਪਛਾੜ ਦਿੱਤਾ। ਭਾਰਤ '26 ਕਰੋੜ ਫੇਸਬੁੱਕ ਯੂਜ਼ਰਸ ਹਨ।

  • ਭਾਰਤ 'ਚ ਵਧੇਰੇ ਫੇਸਬੁੱਕ ਉਪਭੋਗਤਾ ਹਨ। ਨੌਜਵਾਨਾਂ 'ਚ ਫੇਸਬੁੱਕ ਦੀ ਪ੍ਰਸਿੱਧੀ ਦੀ ਗੱਲ ਕਰੀਏ ਤਾਂ ਭਾਰਤ 'ਚ ਫੇਸਬੁੱਕ ਦੇ 50 ਪ੍ਰਤੀਸ਼ਤ ਤੋਂ ਵੱਧ ਯੂਜ਼ਰਸ 25 ਸਾਲ ਤੋਂ ਘੱਟ ਉਮਰ ਦੇ ਹਨ।

  • ਫੇਸਬੁੱਕ ਦੇ ਦੁਨੀਆ ਦੇ 70 ਤੋਂ ਵੱਧ ਸ਼ਹਿਰਾਂ 'ਚ ਦਫਤਰ ਹਨ। ਫੇਸਬੁੱਕ 'ਤੇ ਕੰਮ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਲਗਪਗ 45 ਹਜ਼ਾਰ ਫੁੱਲਟਾਈਮ ਕਰਮਚਾਰੀ ਹਨ ਅਤੇ ਕਰੀਬ 14 ਕਰੋੜ ਲੋਕ ਫੇਸਬੁੱਕ ਦੇ ਜ਼ਰੀਏ ਆਪਣੇ ਗਾਹਕਾਂ ਨਾਲ ਜੁੜੇ ਹਨ।

  • ਫੇਸਬੁੱਕ 'ਤੇ ਰੋਜ਼ਾਨਾ 10 ਹਜ਼ਾਰ ਕਰੋੜ ਸੁਨੇਹੇ ਲਿਖੇ ਜਾਂਦੇ ਹਨ। ਇਸਦੇ ਨਾਲ, ਰੋਜ਼ਾਨਾ ਲਗਪਗ 100 ਕਰੋੜ ਸਟੋਰੀਜ਼ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ। 10 ਲੱਖ ਲੋਕ ਹਰ ਮਿੰਟ ਫੇਸਬੁੱਕ 'ਤੇ ਲੌਗ ਇਨ ਕਰਦੇ ਹਨ।