Digital Passport: ਦੁਨੀਆਂ ਵਿੱਚ ਡਿਜੀਟਲ ਪਾਸਪੋਰਟ ਦੀ ਕਾਫ਼ੀ ਚਰਚਾ ਚੱਲ ਰਹੀ ਹੈ। ਅਤੇ ਫਿਨਲੈਂਡ ਇਸ ਪਾਸਪੋਰਟ ਨੂੰ ਲਾਂਚ ਕਰਕੇ ਦੁਨੀਆਂ ਦਾ ਪਹਿਲਾਂ ਦੇਸ਼ ਬਣ ਗਿਆ ਹੈ। ਯਾਤਰਾ ਨੂੰ ਤੇਜ਼, ਆਸਾਨ ਅਤੇ ਵਧੇਰੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਡਿਜੀਟਲ ਪਾਸਪੋਰਟ ਜਾਰੀ ਕੀਤਾ ਗਿਆ ਹੈ।
ਦੇਸ਼ ਨੇ 28 ਅਗਸਤ ਨੂੰ ਫਿਨਏਅਰ, ਫਿਨਿਸ਼ ਪੁਲਿਸ ਅਤੇ ਏਅਰਪੋਰਟ ਆਪਰੇਟਰ ਫਿਨਾਵੀਆ ਦੇ ਨਾਲ ਸਾਂਝੇਦਾਰੀ ਵਿੱਚ ਟੈਸਟਿੰਗ ਸ਼ੁਰੂ ਕੀਤੀ। ਫਿਨਿਸ਼ ਬਾਰਡਰ ਗਾਰਡ ਇਸ ਟੈਸਟ ਦਾ ਆਯੋਜਨ ਕਰ ਰਿਹਾ ਹੈ, ਜੋ ਕਿ ਹੇਲਸਿੰਕੀ ਹਵਾਈ ਅੱਡੇ ਦੇ ਬਾਰਡਰ ਕੰਟਰੋਲ 'ਤੇ ਕੀਤਾ ਜਾਵੇਗਾ ਅਤੇ ਫਰਵਰੀ 2024 ਤੱਕ ਜਾਰੀ ਰਹੇਗਾ।
ਡਿਜੀਟਲ ਪਾਸਪੋਰਟ ਕੀ ਹੈ?
ਡਿਜੀਟਲ ਟਰੈਵਲ ਕ੍ਰੇਡੈਂਸ਼ੀਅਲ (ਡੀਟੀਸੀ) ਇੱਕ ਫਿਜੀਕਲ ਪਾਸਪੋਰਟ ਦਾ ਇੱਕ ਡਿਜੀਟਲ ਰੂਪ ਹੈ, ਜਿਸਨੂੰ ਇੱਕ ਸਮਾਰਟਫੋਨ 'ਤੇ ਸਟੋਰ ਕੀਤਾ ਜਾ ਸਕਦਾ ਹੈ। ਇਹ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ICAO) ਦੇ ਮਾਪਦੰਡਾਂ ਦੀ ਪਾਲਣਾ ਕਰਦਾ ਹੈ, ਜੋ ਕਿ ਡਿਜੀਟਲ ਯਾਤਰਾ ਦਸਤਾਵੇਜ਼ਾਂ ਲਈ ਇੱਕ ਗਲੋਬਲ ਫਰੇਮਵਰਕ 'ਤੇ ਕੰਮ ਕਰ ਰਿਹਾ ਹੈ। ਦੁਨੀਆ ਵਿੱਚ ਪਹਿਲੀ ਵਾਰ ਡਿਜੀਟਲ ਟਰੈਵਲ ਕ੍ਰੇਡੈਂਸ਼ੀਅਲ ਦਾ ਫਿਨਲੈਂਡ ਵਿੱਚ ਟੈਸਟ ਕੀਤਾ ਜਾ ਰਿਹਾ ਹੈ। ਵਰਤਮਾਨ ਵਿੱਚ ਸਿਰਫ ਫਿਨਲੈਂਡ ਅਤੇ ਯੂਕੇ ਵਿਚਕਾਰ ਫਿਨਏਅਰ ਦੀਆਂ ਉਡਾਣਾਂ ਵਿੱਚ ਯਾਤਰਾ ਕਰਨ ਵਾਲੇ ਫਿਨਲੈਂਡ ਦੇ ਨਾਗਰਿਕ ਹੀ ਟੈਸਟ ਲਈ ਯੋਗ ਹੋਣਗੇ।
ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਫਿਨ ਡੀਟੀਸੀ ਪਾਇਲਟ ਡਿਜੀਟਲ ਟ੍ਰੈਵਲ ਡਾਕੂਮੈਂਟ ਐਪ ਨੂੰ ਡਾਊਨਲੋਡ ਕਰਨਾ ਪਵੇਗਾ, ਪੁਲਿਸ ਨਾਲ ਰਜਿਸਟਰ ਕਰਨਾ ਹੋਵੇਗਾ ਅਤੇ ਯੂਕੇ ਲਈ ਆਪਣੀ ਉਡਾਣ ਦੇ ਚਾਰ ਤੋਂ 36 ਘੰਟੇ ਪਹਿਲਾਂ ਫਿਨਿਸ਼ ਬਾਰਡਰ ਗਾਰਡਾਂ ਨੂੰ ਆਪਣਾ ਡੇਟਾ ਜਮ੍ਹਾਂ ਕਰਾਉਣਾ ਪਵੇਗਾ। ਅੰਗਰੇਜ਼ੀ ਵੈਬਸਾਈਟ ਫਸਟਪੋਸਟ ਦੇ ਅਨੁਸਾਰ, ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ ਉਹ ਫਿਨਲੈਂਡ ਦੀ ਯਾਤਰਾ ਕਰਨ ਵੇਲੇ ਆਪਣੇ ਡਿਜੀਟਲ ਦਸਤਾਵੇਜ਼ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਹਲਾਂਕਿ ਇਹ ਸਾਫ਼ ਹੈ ਕਿ ਫਿਜੀਕਲ ਪਾਸਪੋਰਟ ਵਿੱਚ ਚਿੱਪ ਲਗਾਉਣ ਨੂੰ ਡਿਜੀਟਲ ਪਾਸਪੋਰਟ ਨਹੀਂ ਕਿਹਾ ਜਾਂਦਾ।
ਮੌਜੂਦਾ ਸਮੇਂ ਲਈ ਨਿਯਮ
ਡਿਜ਼ੀਟਲ ਪਾਸਪੋਰਟ ਨਾਲ ਉਹ ਹੇਲਸਿੰਕੀ ਹਵਾਈ ਅੱਡੇ 'ਤੇ ਆਪਣੀ ਫੋਟੋ ਖਿੱਚ ਕੇ ਅਤੇ ਆਪਣੇ ਡੀਟੀਸੀ ਵਿੱਚ ਸਟੋਰ ਕੀਤੇ ਪਾਸਪੋਰਟ ਨਾਲ ਮੇਲ ਕਰਕੇ ਆਪਣੀ ਪਛਾਣ ਦੀ ਪੁਸ਼ਟੀ ਕਰ ਸਕਦੇ ਹਨ। ਹਾਲਾਂਕਿ ਇਹ ਇੱਕ ਚੱਲ ਰਿਹਾ ਪਰੀਖਣ ਹੈ, ਨਾਗਰਿਕਾਂ ਨੂੰ ਆਪਣਾ ਫਿਜੀਕਲ ਪਾਸਪੋਰਟ ਚੁੱਕਣਾ ਹੋਵੇਗਾ ਅਤੇ ਇਸਨੂੰ ਫਿਨਲੈਂਡ ਅਤੇ ਯੂਕੇ ਵਿੱਚ ਸਰਹੱਦੀ ਨਿਯੰਤਰਣਾਂ 'ਤੇ ਸਕੈਨ ਕਰਵਾਉਣ ਦੀ ਲੋੜ ਹੋਵੇਗੀ। ਜੇਕਰ ਪਾਇਲਟ ਪ੍ਰੋਜੈਕਟ ਸਫਲ ਸਾਬਤ ਹੁੰਦਾ ਹੈ, ਤਾਂ ਯਾਤਰੀਆਂ ਨੂੰ ਭਵਿੱਖ ਵਿੱਚ ਫਿਜੀਕਲ ਪਾਸਪੋਰਟ ਰੱਖਣ ਦੀ ਲੋੜ ਨਹੀਂ ਪਵੇਗੀ।