Whatsapp ਨੇ ਨਹੀਂ ਮੰਨੀ ਮੋਦੀ ਸਰਕਾਰ ਦੀ ਮੰਗ, ਮੈਸੇਜ਼ ਭੇਜਣ ਵਾਲੇ ਦੀ ਨਹੀਂ ਮਿਲੇਗੀ ਜਾਣਕਾਰੀ
ਏਬੀਪੀ ਸਾਂਝਾ | 24 Aug 2018 12:53 PM (IST)
ਨਵੀਂ ਦਿੱਲੀ: ਵ੍ਹਟਸਐਪ ਨੇ ਮੈਸੇਜ ਭੇਜਣ ਵਾਲੇ ਬੰਦੇ ਦੇ ਨਾਂ ਦਾ ਪਤਾ ਲਾਉਣ ਲਈ ਸਾਫਟਵੇਅਰ ਵਿਕਸਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਕੰਪਨੀ ਤੋਂ ਇਸ ਸਾਫਟਵੇਅਰ ਲਈ ਮੰਗ ਕੀਤੀ ਸੀ, ਜਿਸ ਨੂੰ ਵ੍ਹਟਸਐਪ ਨੇ ਠੁਕਰਾ ਦਿੱਤਾ ਹੈ। ਸਰਕਾਰ ਚਾਹੁੰਦੀ ਹੈ ਕਿ ਵ੍ਹਟਸਐਪ ਅਜਿਹਾ ਹੱਲ ਵਿਕਸਤ ਕਰੇ ਜਿਸ ਨਾਲ ਫੇਕ ਤੇ ਝੂਠੇ ਮੈਸੇਜ਼ ਫੈਲਾਉਣ ਵਾਲੇ ਮੂਲ ਦਾ ਪਤਾ ਲਾਇਆ ਜਾ ਸਕੇ। ਯਾਦ ਰਹੇ ਕਿ ਦੇਸ਼ ਵਿੱਚ ਵ੍ਹਟਸਐਪ ਜ਼ਰੀਏ ਭੇਜੇ ਗਏ ਮੈਸੇਜਿਸ ਤੇ ਅਫਵਾਹਾਂ ਕਾਰਨ ਮੌਬ ਲਿੰਚਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਬਾਅਦ ਭਾਰਤ ਸਰਕਾਰ ਨੇ ਕੰਪਨੀ ਨੂੰ ਦੋ ਨੋਟਿਸ ਭੇਜੇ ਸੀ। ਇਸ ਸਬੰਧੀ ਵ੍ਹਟਸਐਪ ਦੇ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਾਫਟਵੇਅਰ ਤਿਆਰ ਕਰਨ ਲਈ ਇੱਕ ਸਿਰੇਂ ਤੋਂ ਦੂਜੇ ਤਕ ਮੈਸੇਜ ਪ੍ਰਭਾਵਿਤ ਹੋਣਗੇ ਤੇ ਵ੍ਹਟਸਐਪ ਦੀ ਨਿੱਜੀ ਪ੍ਰਕਿਰਤੀ ਵੀ ਪ੍ਰਭਾਵਿਤ ਹੋਏਗੀ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਇਸ ਦੇ ਦੁਰਉਪਯੋਗ ਦੀ ਸੰਭਾਵਨਾ ਹੋਰ ਵਧ ਜਾਏਗੀ। ਉਨ੍ਹਾਂ ਕਿਹਾ ਕਿ ਕੰਪਨੀ ਆਪਣੀ ਸੁਰੱਖਿਆ ਨੂੰ ਕਮਜ਼ੋਰ ਨਹੀਂ ਕਰੇਗੀ। ਕੰਪਨੀ ਮੁਤਾਬਕ ਲੋਕ ਵ੍ਹਟਸਐਪ ਜ਼ਰੀਏ ਹਰੇਕ ਤਰ੍ਹਾਂ ਦੀ ਸੰਵੇਦਨਸ਼ੀਲ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਲਈ ਨਿਰਭਰ ਹੈ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਲੋਕਾਂ ਨਾਲ ਮਿਲ ਕੇ ਕੰਮ ਕਰਨ ਤੇ ਉਨ੍ਹਾਂ ਨੂੰ ਗ਼ਲਤ ਸੂਚਨਾ ਬਾਰੇ ਜਾਗਰੂਕ ਕਰਨਾ ਹੈ। ਕੰਪਨੀ ਲੋਕਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਵ੍ਹਟਸਐਪ ਨੂੰ ਤਕਨੀਰੀ ਰੂਪ ਨਾਲ ਕਿਸੇ ਹੱਲ ਦੀ ਤਲਾਸ਼ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਭੜਕਾਊ ਸੰਦੇਸ਼ਾਂ ਦੇ ਫੈਲਣ ਦੀ ਸਥਿਤੀ ਵਿੱਚ ਭੇਜਣ ਵਾਲੇ ਮੂਲ ਦਾ ਪਤਾ ਲਾਇਆ ਜਾ ਸਕੇ।