ਨਵੀਂ ਦਿੱਲੀ: WhatsApp ਆਪਣੀ ਪ੍ਰਾਇਵੇਸੀ ਪਾਲਿਸੀ ਨੂੰ ਲੈ ਕੇ ਪਿਛਲੇ ਦਿਨੀਂ ਕਾਫ਼ੀ ਚਰਚਾ ’ਚ ਰਿਹਾ। ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਖੜ੍ਹਾ ਹੋਇਆ; ਜਿਸ ਤੋਂ ਬਾਅਦ ਕੰਪਨੀ ਨੇ ਇਹ ਮਾਮਲਾ ਮਈ ਮਹੀਨੇ ਤੱਕ ਲਈ ਟਾਲ ਦਿੱਤਾ ਸੀ ਪਰ ਹੁਣ ਕੰਪਨੀ ਇੱਕ ਵਾਰ ਫਿਰ ਪ੍ਰਾਇਵੇਸੀ ਪਾਲਿਸੀ ਨੂੰ ਨਵੇਂ ਸਿਰੇ ਤੋਂ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। WhatsApp ਛੇਤੀ ਹੀ ਇੱਕ ਨਵਾਂ ਅਪਡੇਟ ਆਪਣੇ ਯੂਜ਼ਰਸ ਨੂੰ ਭੇਜੇਗਾ, ਜਿਸ ਨੂੰ ਪ੍ਰਵਾਨ ਕਰਨ ਤੋਂ ਬਾਅਦ ਇਹ ਐਪ ਅੱਗੇ ਵਰਤੀ ਜਾ ਸਕੇਗੀ।



 

WhatsApp ਨੇ ਇਸ ਤੋਂ ਪਹਿਲਾਂ ਅਪਡੇਟ ਦਾ ਅਲਰਟ ਪੂਰੀ ਫ਼ੋਨ ਸਕ੍ਰੀਨ ਉੱਤੇ ਦਿੱਤਾ ਸੀ ਤੇ ਯੂਜ਼ਰਸ ਨੂੰ ਨਵੀਂ ਪਾਲਿਸੀ ਅਕਸੈਪ ਨਾ ਕਰਨ ਉੱਤੇ ਅਕਾਊਂਟ ਬੰਦ ਕਰਨ ਦੀ ਗੱਲ ਆਖੀ ਗਈ ਸੀ। ਇਸ ਨੂੰ ਲੈ ਕੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਵਿਰੋਧ ਕੀਤਾ ਗਿਆ ਸੀ। ਵਿਰੋਧ ਵਧਦਾ ਵੇਖ ਕੇ ਕੰਪਨੀ ਨੇ ਇਸ ਪ੍ਰਾਇਵੇਸੀ ਪਾਲਿਸੀ ਨੂੰ ਅੱਗੇ ਵਧਾ ਦਿੱਤਾ ਸੀ ਪਰ ਹੁਣ ਇਸ ਨੂੰ ਫਿਰ ਨਵੇਂ ਸਿਰੇ ਤੋਂ ਲਾਗੂ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ।

 

WhatsApp ਨੇ ਆਪਣੇ ਨਵੇਂ ਬਲੌਗ ਉੱਤੇ ਦੱਸਿਆ ਹੈ ਕਿ ਉਹ ਆਪਣੇ ਪਲੇਟਫ਼ਾਰਮ ਉੱਤੇ ਚੈਟ ਰਾਹੀਂ ਸ਼ਾਪਿੰਗ ਕਰਨ ਜਾਂ ਕਾਰੋਬਾਰੀਆਂ ਨਾਲ ਜੁੜਨ ਦਾ ਨਵਾਂ ਤਰੀਕਾ ਵਿਕਸਤ ਕਰ ਰਿਹਾ ਹੈ। ਫ਼ਿਲਹਾਲ ਅਜਿਹੀਆਂ ਚੈਟਸ ਦੀ ਚੋਣ ਆਪਸ਼ਨਲ ਹੋਵੇਗੀ ਪਰ ਆਉਣ ਵਾਲੇ ਸਮੇਂ ’ਚ ਚੈਟਸ ਉੱਤੇ ਇਸ ਅਪਡੇਟ ਨੂੰ ਰੀਵਿਊ ਕਰਨ ਦਾ ਬੈਨਰ ਵਿਖਾਈ ਦੇਵੇਗਾ।

ਇਸ ਤੋਂ ਬਾਅਦ ਯੂਜ਼ਰਜ਼ ਨੂੰ ਐਪ ਯੂਜ਼ ਕਰਦੇ ਰਹਿਣ ਲਈ ਇਹ ਅਪਡੇਟ ਅਕਸੈਪਟ ਕਰਨਾ ਹੀ ਪਵੇਗਾ। ਉਂਝ ਕੰਪਨੀ ਵੱਲੋਂ ਪ੍ਰਾਈਵੇਟ ਚੈਟ ਨੂੰ ਐਡ-ਟੂ-ਐਂਡ ਇਨਕ੍ਰਿਪਸ਼ਨ ਤੋਂ ਸੁਰੱਖਿਅਤ ਰੱਖਣ ਦਾ ਦਾਅਵਾ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਹਰ ਰੋਜ਼ 10 ਲੱਖ ਵਿਅਕਤੀ ਬਿਜ਼ਨੈਸ WhatsApp ਚੈਟ ਨਾਲ ਜੁੜ ਰਹੇ ਹਨ।