ਨਵੀ ਦਿਲੀ: ਚੀਨੀ ਸਮਾਰਟਫੋਨ ਨਿਰਮਾਤਾ ਸ਼ਿਓਮੀ ਨੇ ਕਿਹਾ ਹੈ ਕਿ ਹੁਣ ਉਹ ਆਪਣਾ ਸਾਰਾ ਧਿਆਨ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਤੇ ਜ਼ਿਆਦਾ ਲਾ ਰਹੀ ਹੈ, ਜਿੱਥੇ ਉਹ ਮਾਰਕਿਟ ਵਿੱਚ ਵੀਵੋ, ਸੈਮਸੰਗ ਤੇ ਹੁਵਾਵੇ ਵਰਗੀਆਂ ਕੰਪਨੀਆਂ ਨੂੰ ਸਖ਼ਤ ਟੱਕਰ ਦੇ ਸਕੇ।

ਸ਼ਿਓਮੀ ਦੇ ਮੈਨੇਜਿੰਗ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ ਮਨੂ ਜੈਨ ਨੇ ਕਿਹਾ ਕਿ ਉਹ ਸੋਚ ਰਹੇ ਹਨ ਕਿ ਹੁਣ ਉਨ੍ਹਾਂ ਨੂੰ 20 ਹਜ਼ਾਰ ਤੋਂ ਉੱਪਰ ਵਾਲਾ ਸਮਾਰਟਫੋਨ ਲਾਂਚ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਹੁਣ ਅਪਗਰੇਡਿਡ ਵਰਸ਼ਨ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸੇ ਐਵਰੇਜ ਸਮਾਰਟਫੋਨ ਦੀ ਕੀਮਤ ਹੁਣ ਉੱਤੇ ਜਾ ਰਹੀ ਹੈ, ਜਿਸ ਨੂੰ ਵੇਖਦਿਆਂ ਉਹ ਵੀ ਕੁਝ ਅਲੱਗ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ MiA2 ਫੋਨ ਲਾਂਚ ਕਰਨ ਵਾਲੇ ਹਨ। ਇਸ ਦੇ ਨਾਲ ਉਹ ਆਉਣ ਵਾਲੇ ਸਮੇਂ ਵਿੱਚ ਪ੍ਰੀਮੀਅਮ ਸੈਗਮੈਂਟ ’ਚ ਕਈ ਸਮਾਰਟਫੋਨ ਲਾਂਚ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਡਿਵਾਈਸ ਦੇ ਨਾਲ-ਨਾਲ ਲੋਕਾਂ ਨੂੰ ਨਵੇਂ ਸਰਪ੍ਰਾਈਜ਼ ਵੀ ਮਿਲਣਗੇ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮਾਰਕਿਟ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੇ 90 ਫੀਸਦੀ ਸਮਾਰਟਫੋਨ 15 ਹਜ਼ਾਰ ਰੁਪਏ ਤੋਂ ਹੇਠਾਂ ਦੀ ਕੀਮਤ ਦੇ ਸਨ। ਸਿਰਫ 7 ਤੋਂ 8 ਫੋਨਾਂ ਦੀ ਕੀਮਤ ਹੀ 15 ਹਜ਼ਾਰ ਤੋਂ ਵੱਧ ਸੀ। ਪਰ ਹੁਣ ਇਹ ਦੋਵੇਂ ਸੈਗਮੈਂਟ ਦੇ ਸਮਾਰਟਫੋਨ ਕਾਫੀ ਉੱਤੇ ਪੁੱਜ ਗਏ ਹਨ।

ਭਾਰਤ ਦਾ ਸਮਾਰਟਫੋਨ ਦਾ ਸੈਗਮੈਂਟ ਸਾਲਾਨਾ 19 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਤਿਮਾਹੀ ਵਿੱਚ ਇਹ 10 ਫੀਸਦੀ ਹੈ। ਇਸ ਸਾਲ ਕਈ ਲੋਕਾਂ ਨੇ 2018 ਦੇ ਫਲੈਗਸ਼ਿਪ ਲਾਂਚ ਨੂੰ ਮਹੱਤਵ ਦਿੱਤਾ ਤੇ ਵੱਖ-ਵੱਖ ਤਰ੍ਹਾਂ ਦੇ ਸਮਾਰਟਫੋਨ ਖਰੀਦੇ। ਇੱਕ ਰਿਪੋਰਟ ਮੁਤਾਬਕ ਇਸ ਸਾਲ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ਵਿੱਚ ਵਨਪਲੱਸ ਸਭ ਤੋਂ ਉੱਪਰ ਰਿਹਾ। ਇਸ ਦੇ ਨਾਲ ਹੀ ਸੈਮਸੰਗ ਦੀ ਵਿਕਰੀ ਵਿੱਚ ਗਿਰਾਵਟ ਵੇਖੀ ਗਈ।

ਸਮਾਰਟਫੋਨ ਮਾਰਕਿਟ ਵਿੱਚ ਪਹਿਲੇ ਸਥਾਨ ’ਤੇ ਆਉਣ ਲਈ ਸੈਮਸੰਗ ਤੇ ਸ਼ਿਓਮੀ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਜੂਨ ਦੀ ਤਿਮਾਹੀ ਵਿੱਚ ਸੈਮਸੰਗ 29 ਫੀਸਦੀ ਮਾਰਕਿਟ ਸ਼ੇਅਰ ਨਾਲ ਸ਼ਿਓਮੀ ਤੋਂ ਅੱਗੇ ਸੀ। ਇਸ ਦੌਰਾਨ ਸ਼ਿਓਮੀ ਦਾ ਮਾਰਕਿਟ ਸ਼ੇਅਰ 28 ਫੀਸਦੀ ਸੀ। ਪਰ ਇੱਕ ਤਿਮਾਹੀ ਵਿੱਚ ਕੰਪਨੀ ਨੇ 10 ਮਿਲੀਅਮ ਯੂਨਿਟ ਵੇਚ ਕੇ ਸ਼ਿਓਮੀ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ।