Trending News: ਦੁਨੀਆ ਵਿੱਚ ਸ਼ਾਤਿਰ ਲੋਕਾਂ ਦਾ ਕਿੱਸੇ ਅਕਸਰ ਹੀ ਸੁਣਨ ਨੂੰ ਮਿਲ ਜਾਂਦੇ ਹਨ। ਹੁਣ ਇੱਕ ਅਜਿਹੇ ਵਿਅਕਤੀ ਦੀ ਚਰਚਾ ਹੋ ਰਹੀ ਹੈ ਜੋ ਰੈਸਟੋਰੈਂਟਾਂ ਵਿੱਚ ਮੁਫਤ ਖਾਣਾ ਖਾਂਦਾ ਸੀ। ਬਿੱਲ ਦੇਣ ਵਾਲੇ ਉਹ ਹਾਰਟ ਅਟੈਕ ਦਾ ਨਾਟਕ ਕਰਦਾ ਸੀ। ਇਹ ਵੇਖ ਰੈਸਟੋਰੈਂਟ ਵਾਲਿਆਂ ਦੇ ਹੋਸ਼ ਉੱਡ ਜਾਂਦੇ ਸੀ ਤੇ ਉਹ ਬਿੱਲ ਲੈਣਾ ਭੁੱਲ ਹੀ ਜਾਂਦੇ ਸੀ।


 
ਦਰਅਸਲ ਲਿਥੁਆਨੀਆ ਦੇ ਇੱਕ ਵਿਅਕਤੀ ਨੇ ਹਾਰਟ ਅਟੈਕ ਦੇ ਬਹਾਨੇ ਇੱਕ ਜਾਂ ਦੋ ਨਹੀਂ ਬਲਕਿ ਕੁੱਲ 20 ਰੈਸਟੋਰੈਂਟਾਂ ਨਾਲ ਧੋਖਾਧੜੀ ਕੀਤੀ ਹੈ। ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ। ਲਿਥੁਆਨੀਅਨ ਮੂਲ ਦੇ ਇਸ ਵਿਅਕਤੀ ਦਾ ਨਾਂ ਐਡਾਸ ਹੈ, ਜਿਸ ਦੀ ਉਮਰ 50 ਸਾਲ ਹੈ। ਇਹ ਵਿਅਕਤੀ ਐਲਿਕਾਂਟੇ ਵਿੱਚ ਰਹਿੰਦਾ ਹੈ। 


ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਐਡਾਸ ਨੇ 20 ਰੈਸਟੋਰੈਂਟਾਂ 'ਚ ਖਾਣਾ ਖਾਧਾ ਪਰ ਬਿੱਲ ਦਾ ਭੁਗਤਾਨ ਨਹੀਂ ਕੀਤਾ। ਬਿੱਲ ਤੋਂ ਬਚਣ ਲਈ ਉਸ ਨੇ ਅਜਿਹੀ ਚਾਲ ਅਪਣਾਈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਕੋਈ ਸੋਚ ਵੀ ਨਹੀਂ ਸਕਦਾ ਕਿ ਕੋਈ ਇੰਨਾ ਵੱਡਾ ਡਰਾਮਾ ਕਿਵੇਂ ਕਰ ਸਕਦਾ ਹੈ।


ਦਰਅਸਲ, ਇਹ ਵਿਅਕਤੀ ਜਿਸ ਵੀ ਰੈਸਟੋਰੈਂਟ ਵਿੱਚ ਜਾਂਦਾ ਸੀ, ਉੱਥੇ ਆਪਣੀ ਪਸੰਦ ਦੀਆਂ ਸਾਰੀਆਂ ਚੀਜ਼ਾਂ ਦਾ ਆਰਡਰ ਕਰ ਦਿੰਦਾ ਸੀ। ਵਿਸਕੀ ਦੇ ਕਈ ਗਲਾਸ ਪੀਂਦਾ ਸੀ ਤੇ ਗੋਸ਼ਤ ਵੀ ਰੱਜ ਕੇ ਖਾਂਦਾ ਸੀ। ਇਹ ਸਭ ਖਾਣ ਤੋਂ ਬਾਅਦ ਜਦੋਂ ਉਸ ਨੂੰ ਬਿੱਲ ਦਿੱਤਾ ਜਾਂਦਾ ਤਾਂ ਉਹ ਆਪਣੀ ਛਾਤੀ 'ਤੇ ਹੱਥ ਰੱਖ ਕੇ ਦਿਖਾਵਾ ਕਰਦਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਰੈਸਟੋਰੈਂਟ ਵਿੱਚ ਦਿਲ ਦਾ ਦੌਰਾ ਪੈਣ ਦਾ ਬਹਾਨਾ ਕਰਦੇ ਹੋਏ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪੈਂਦਾ ਸੀ। ਇਸ ਤੋਂ ਬਾਅਦ ਉਹ ਲੋਕਾਂ ਨੂੰ ਹਸਪਤਾਲ ਲਿਜਾਣ ਲਈ ਕਹਿੰਦਾ।


ਇੰਨਾ ਹੀ ਨਹੀਂ, ਐਡਾਸ ਡਿਜ਼ਾਈਨਰ ਕੱਪੜਿਆਂ 'ਚ ਰੈਸਟੋਰੈਂਟ 'ਚ ਇਸ ਤਰ੍ਹਾਂ ਦਾਖਲ ਹੁੰਦਾ ਸੀ, ਜਿਵੇਂ ਉਹ ਕਾਫੀ ਅਮੀਰ ਹੋਵੇ। ਉਹ ਆਪਣੇ ਆਪ ਨੂੰ ਰੂਸੀ ਸੈਲਾਨੀ ਕਹਿੰਦਾ ਸੀ ਤੇ ਕਈ ਭਾਸ਼ਾਵਾਂ ਦੇ ਮਿਸ਼ਰਣ ਵਿੱਚ ਗੱਲ ਕਰਦਾ ਸੀ। ਮੈਨਿਊ ਪੁੱਛਣ ਤੋਂ ਬਾਅਦ ਉਹ ਇੱਕੋ ਵੇਲੇ ਕਈ ਖਾਣ-ਪੀਣ ਦੀਆਂ ਵਸਤੂਆਂ ਮੰਗਵਾ ਲੈਂਦਾ ਸੀ। ਐਡਾਸ ਨੇ ਇੱਕ ਸਾਲ ਵਿੱਚ 20 ਵੱਖ-ਵੱਖ ਰੈਸਟੋਰੈਂਟਾਂ ਵਿੱਚ ਇੱਕੋ ਨਾਟਕ ਦਾ ਪ੍ਰਦਰਸ਼ਨ ਕੀਤਾ। 


ਹਾਲਾਂਕਿ, ਜਦੋਂ ਉਹ ਬਿਊਨ ਕੋਮਰ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਆਇਆ, ਤਾਂ ਉਹ ਉੱਥੇ ਆਪਣਾ ਡਰਾਮਾ ਨਾ ਦੁਹਰਾ ਸਕਿਆ। ਇਸ ਰੈਸਟੋਰੈਂਟ ਦੇ ਮੈਨੇਜਰ ਮੋਇਸੇਸ ਡੋਮੇਨੇਚ ਨੇ ਐਡਾਸ ਨੂੰ ਬਿਨਾਂ ਬਿੱਲ ਦਾ ਭੁਗਤਾਨ ਕੀਤੇ ਭੱਜਦੇ ਹੋਏ ਫੜ ਲਿਆ ਤੇ ਉਹ ਪੁਲਿਸ ਦੇ ਧਿਆਨ ਵਿੱਚ ਆ ਗਿਆ। ਐਡਾਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਉਸ ਨੇ ਅਦਾਲਤ ਦੇ ਸੰਮਨ ਤੇ ਜੁਰਮਾਨੇ ਨੂੰ ਨਜ਼ਰਅੰਦਾਜ਼ ਕੀਤਾ ਸੀ।