Ikbal Singh Lalpura ਦੇ ਬਿਆਨ ਦਾ SGPC ਨੇ ਲਿਆ ਸਖ਼ਤ ਨੋਟਿਸ
11 Sep 2024 11:05 AM (IST)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਖਿਲਾਫ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ
ਇਕਬਾਲ ਸਿੰਘ ਲਾਲਪੁਰਾ ਨੇ ਬੀਤੇ ਦਿਨੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਸਿੱਖ ਧਰਮ ਦੇ ਸਿਧਾਂਤਾਂ ਅਤੇ ਪਾਵਨ ਗੁਰਬਾਣੀ ਦੀ ਵਿਚਾਰਧਾਰਾ ਦੇ ਵਿਰੁੱਧ ਜਾ ਕੇ ਮਨਘੜਤ ਬਿਆਨਬਾਜੀ ਕੀਤੀ ਹੈ, ਜਿਸ ਨਾਲ ਸਿੱਖ ਕੌਮ ਦੇ ਨਿਆਰੇਪਨ ਅਤੇ ਇਸ ਦੀ ਮੌਲਿਕਤਾ ਨੂੰ ਸੱਟ ਵੱਜੀ ਹੈ। ਲਾਲਪੁਰਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਕਹਿਣਾ ਆਰਐੱਸਐੱਸ ਅਤੇ ਭਾਜਪਾ ਦੇ ਉੱਚ ਆਗੂਆਂ ਨੂੰ ਖੁਸ਼ ਕਰਨ ਦੀ ਘਟੀਆ ਹਰਕਤ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ. ਲਾਲਪੁਰਾ ਦੀ ਅਜਿਹੀ ਬਿਆਨਬਾਜੀ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖ ਕੌਮ ਦਾ ਘੋਰ ਨਿਰਾਦਰ ਹੈ, ਜਿਸ ਨੂੰ ਲੈ ਕੇ ਇਨ੍ਹਾਂ ਵਿਰੁੱਧ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਕੇਵਲ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ ਅਤੇ ਸਿੱਖੀ ਅੰਦਰ ਅਵਤਾਰਵਾਦ ਨੂੰ ਕੋਈ ਥਾਂ ਨਹੀਂ ਹੈ। ਦੇਵੀ ਦੇਵਤਿਆਂ ਨਾਲ ਸਿੱਖ ਗੁਰੂ ਸਾਹਿਬਾਨ ਨੂੰ ਜੋੜਨਾ ਸ. ਲਾਲਪੁਰਾ ਵੱਲੋਂ ਆਰਐੱਸਐੱਸ ਦੇ ਏਜੰਡਾ ਨੂੰ ਅੱਗੇ ਵਧਾਉਣ ਦਾ ਹੀ ਇੱਕ ਹਿੱਸਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਬੇਹੱਦ ਚਿੰਤਨ ਦਾ ਮਾਮਲਾ ਹੈ, ਜਿਸ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਖ਼ਲ ਦੇਣ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਸਿੱਖ ਵਿਰੋਧੀ ਹਰਕਤ ਨਾ ਕਰੇ ਅਤੇ ਸਿੱਖ ਇੱਕ ਵੱਖਰੀ ਕੌਮ ਹੋਣ ਦੇ ਮਾਣ ਨੂੰ ਸੱਟ ਨਾ ਵੱਜੇ।
Sponsored Links by Taboola