ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਦੁੱਖ ਸਾਂਝਾ ਸੀਐਮ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਜਾਣਗੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਨਾਲ ਮੁਲਾਕਾਤ ਕਰਕੇ ਸਿੱਧੂ ਮੂਸੇਵਾਲਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 8 ਵਜੇ ਸੀਐੱਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣਗੇ।
ਦਸ ਦਈਏ ਕਿ ਬੀਤੇ ਦਿਨ ਵੀ ਕਈ ਲੀਡਰਾਂ ਵੱਲੋਂ ਮੂਸੇਵਾਲਾ ਦੇ ਘਰ ਜਾ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ। ਜਿਹਨਾਂ 'ਚ ਅਕਾਲੀ ਦਲ ਦੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਸਮੇਤ ਹੋਰ ਆਗੂ, ਵਿੱਤ ਮੰਤਰੀ ਹਰਪਾਲ ਚੀਮਾ, ਕੁੰਵਰ ਵਿਜੇ ਪ੍ਰਤਾਪ, ਫਤਹਿ ਜੰਗ ਬਾਜਵਾ ਤੋਂ ਇਲਾਵਾ ਹੋਰ ਕਈ ਲੀਡਰਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ ਸੀ।
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ 'ਚ ਉਨ੍ਹਾਂ ਦੇ ਕਤਲ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ। ਰਿਪੋਰਟ 'ਚ ਖੁਲਾਸਾ ਹੋਇਆ ਕਿ ਉਸ ਦੇ ਸਰੀਰ 'ਤੇ 19 ਗੋਲੀਆਂ ਦੇ ਨਿਸ਼ਾਨ ਸਨ ਅਤੇ ਜ਼ਖਮੀ ਹੋਣ ਦੇ 15 ਮਿੰਟਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।