ਕਿਸਾਨੀ ਸੰਘਰਸ਼ ਤੇਜ਼ - ਕੀਤਾ ਰਿਲਾਇੰਸ ਪੰਪਾਂ ਵਲ ਕੂਚ

Continues below advertisement
ਪੰਜਾਬ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਬੀਜੇਪੀ ਨੂੰ ਛੱਡ ਸਾਰੀਆਂ ਕਿਸਾਨ ਧਿਰਾਂ ਤੇ ਸਿਆਸੀ ਪਾਰਟੀਆਂ ਸੜਕਾਂ 'ਤੇ ਆ ਗਈਆਂ ਹਨ। ਬੇਸ਼ੱਕ ਸਿਆਸੀ ਪਾਰਟੀਆਂ ਆਪਣੇ-ਆਪਣੇ ਐਕਸ਼ਨ ਕਰ ਰਹੀਆਂ ਹਨ ਪਰ ਸੰਘਰਸ਼ ਦੀ ਅਸਲ ਕਮਾਨ ਕਿਸਾਨਾਂ ਹੱਥ ਹੈ। ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ।

ਇਸ ਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਤੇ ਕਾਨੂੰਨ ਦਾ ਪੱਖ ਪੂਰਨ ਵਾਲੇ ਸਿਆਸਤਦਾਨਾਂ ਦਾ ਘਿਰਾਓ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀਆਂ ਦੇ ਲੀਡਰਾਂ ਨੇ ਅੱਜ ਤੋਂ ਸੂਬੇ ਵਿੱਚ ਸਮੁੱਚਾ ਰੇਲ ਨੈੱਟਵਰਕ ਠੱਪ ਕਰਨ ਦਾ ਦਾਅਵਾ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਲਗਾਏ ਪੱਕੇ ਮੋਰਚਿਆਂ ਕਾਰਨ ਸੂਬੇ ਵਿੱਚ ਪਿਛਲੇ 7 ਦਿਨਾਂ ਤੋਂ ਪੰਜਾਬ ਦਾ ਪੂਰੇ ਦੇਸ਼ ਨਾਲੋਂ ਰੇਲ ਸੰਪਰਕ ਟੁੱਟਿਆ ਹੋਇਆ ਹੈ। ਹੁਣ ਕਿਸਾਨਾਂ ਵੱਲੋਂ ਸਮੁੱਚੇ ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ’ਤੇ ਟੈਂਟ ਗੱਡ ਕੇ ਪੱਕੇ ਮੋਰਚੇ ਲਾ ਲਏ ਹਨ।
ਕਿਸਾਨ ਯੂਨੀਅਨ ਦੇ ਲੀਡਰ ਡਾ. ਦਰਸ਼ਨ ਪਾਲ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ 30 ਤੋਂ ਵੱਧ ਥਾਵਾਂ ’ਤੇ ਅੱਜ ਤੋਂ ਪੱਕੇ ਤੌਰ ’ਤੇ ਮੋਰਚਾਬੰਦੀ ਕਰ ਦਿੱਤੀ ਗਈ ਹੈ। ਅੰਬਾਨੀ ਤੇ ਅਡਾਨੀ ਵਰਗੇ ਕਾਰੋਬਾਰੀਆਂ ਦੇ ਪੈਟਰੋਲ ਪੰਪਾਂ, ਰਿਟੇਲ ਸਟੋਰਾਂ ਤੇ ਹੋਰਨਾਂ ਟਿਕਾਣਿਆਂ ਨੂੰ ਘੇਰਿਆ ਜਾ ਰਿਹਾ ਹੈ। ਭਾਜਪਾ ਮੰਤਰੀਆਂ, ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ ਤੇ ਹੋਰ ਲੀਡਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਾਂ ਦਾ ਚੱਕਾ ਜਾਮ ਅਣਮਿਥੇ ਸਮੇਂ ਲਈ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ ਵਿੱਢੀ ਇਹ ਲੜਾਈ ਆਰ ਪਾਰ ਦੀ ਹੋਵੇਗੀ।
Continues below advertisement

JOIN US ON

Telegram