ਪੰਜਾਬ 'ਚ ਸਭ ਕੁਝ ਰਹੇਗਾ ਬੰਦ! ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,
ਕਿਸਾਨਾਂ ਵੱਲੋਂ 30 ਦਸੰਬਰ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਨੂੰ ਵੱਡੀ ਹਮਾਇਤ ਮਿਲੀ ਹੈ। ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੂਬੇ ਅੰਦਰ ਸਾਰੀਆਂ ਰੇਲ ਗੱਡੀਆਂ ਤੇ ਬੱਸਾਂ ਰੋਕੀਆਂ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰੀ ਤੇ ਨਿੱਜੀ ਅਦਾਰੇ ਬੰਦ ਰਹਿਣਗੇ। ਪੰਜਾਬ ਦੌਰਾਨ ਟੀਚਿੰਗ ਤੇ ਨਾਨ ਟੀਚਿੰਗ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਬਿਜਲੀ ਮੁਲਾਜ਼ਮ ਯੂਨੀਅਨਾਂ, ਆਸ਼ਾ ਵਰਕਰਾਂ, ਸਾਬਕਾ ਸੈਨਿਕਾਂ, ਪ੍ਰੋਫੈਸਰ ਯੂਨੀਅਨਾਂ, ਪੱਤਰਕਾਰ ਸੰਘਾਂ ਤੇ ਵਪਾਰ ਮੰਡਲ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਦੌਰਾਨ ਟਰੇਡ ਯੂਨੀਅਨਾਂ ਸਮੇਤ ਵਪਾਰਕ, ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਖਨੌਰੀ ਬਾਰਡਰ ’ਤੇ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 30 ਦਸੰਬਰ ਦੇ ਬੰਦ ਲਈ ਹਮਾਇਤ ਦਿੱਤੀ ਹੈ। ਪ੍ਰਬੰਧਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਹੋਈ ਮੀਟਿੰਗ ’ਚ ਪੀਡੀਏ ਐਂਪਲਾਈਜ਼ ਯੂਨੀਅਨ ਪਟਿਆਲਾ, ਟੀਐਸਯੂ (ਸੋਢੀ ਗਰੁੱਪ), ਆਸ਼ਾ ਵਰਕਰ ਯੂਨੀਅਨ, ਲੋਕ ਸੰਗਰਾਮ ਮੋਰਚਾ, ਕ੍ਰਾਂਤੀਕਾਰੀ ਪੇਂਡੂ ਵਰਕਰ ਯੂਨੀਅਨ, ਟੌਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ, ਪਬਲਿਕ ਐਕਸ਼ਨ ਕਮੇਟੀ, ਕਾਲਾ ਪਾਣੀ ਮੋਰਚਾ, ਪੰਜਾਬ ਡੈਂਟਲ ਸਰਜਨ ਫਰੰਟ, ਪੰਜਾਬ ਰੋਡਵੇਜ਼, ਪੀਆਰਟੀਸੀ, ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਜਲ ਸਪਲਾਈ ਸੈਨੀਟੇਸ਼ਨ ਮੁਲਾਜ਼ਮ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਸਾਬਕਾ ਸੈਨਿਕ ਸਾਂਝਾ ਮੋਰਚਾ, ਪੰਜਾਬ ਨੰਬਰਦਾਰ ਯੂਨੀਅਨ, ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ, ਆਈਟੀਆਈ ਮੁਲਾਜ਼ਮ ਯੂਨੀਅਨ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਦੋਧੀ ਡੇਅਰੀ ਯੂਨੀਅਨ ਪੰਜਾਬ, ਚੀਫ਼ ਪੈਟਰਨ ਨੰਬਰਦਾਰ ਯੂਨੀਅਨ, ਐਂਪਲਾਈਜ਼ ਫੈਡਰੇਸ਼ਨ ਪੰਜਾਬ, ਵਪਾਰ ਮੰਡਲ ਪਟਿਆਲਾ, ਹਿੰਦੂਸਤਾਨ ਪੈਟਰੋਲ ਪੰਪ ਯੂਨੀਅਨ, ਪੀਆਰਟੀਸੀ ਇਨਟੈਕ ਯੂਨੀਅਨ, ਪੀਆਰਟੀਸੀ ਏਟਕ ਯੂਨੀਅਨ ਤੇ ਡੀਲਰਜ਼ ਐਸੋਸੀਏਸ਼ਨ ਪੰਜਾਬ ਆਦਿ ਨੇ ਸ਼ਿਰਕਤ ਕੀਤੀ।