
FARMER VS POLICE | ਕਿਸਾਨਾਂ 'ਤੇ ਪੁਲਿਸ ਵਿਚਾਲੇ ਝੜਪ, ਦਸਤਾਰਾਂ ਲੱਥੀਆਂ, ਪ੍ਰਸ਼ਾਸਨ ਦੀਆਂ ਗੱਡੀਆਂ ਮੁਹਰੇ ਅੜੇ ਕਿਸਾਨ
FARMER VS POLICE | ਕਿਸਾਨਾਂ 'ਤੇ ਪੁਲਿਸ ਵਿਚਾਲੇ ਝੜਪ, ਦਸਤਾਰਾਂ ਲੱਥੀਆਂ, ਪ੍ਰਸ਼ਾਸਨ ਦੀਆਂ ਗੱਡੀਆਂ ਮੁਹਰੇ ਅੜੇ ਕਿਸਾਨ
ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਦੀਆਂ ਨੇੜਲੇ ਪਿੰਡ ਭਰਥ ਤੇ ਨੰਗਲ ਝੌਰ ਵਿੱਚ ਅੱਜ ਪ੍ਰਸ਼ਾਸਨਿਕ ਟੀਮ ਭਾਰੀ ਪੁਲੀਸ ਫੋਰਸ ਸਣੇ ਪਹੁੰਚੀ। ਸਵੇਰ ਵੇਲੇ ਪੁੱਜੀ ਟੀਮ ਨੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ-ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਅਧੀਨ ਆਉਂਦੀ ਜ਼ਮੀਨ ਦਾ ਕਬਜ਼ਾ ਲੈਣ ਖੜ੍ਹੀ ਕਣਕ ’ਤੇ ਮਸ਼ੀਨਾਂ ਚਲਾ ਦਿੱਤੀਆਂ। ਇਸ ਬਾਰੇ ਪਤਾ ਲੱਗਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਤੇ ਕਾਰਕੁਨ ਮੌਕੇ ’ਤੇ ਪਹੁੰਚੇ ਤੇ ਵਿਰੋਧ ਸ਼ੁਰੂ ਕਰ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਇਸ ਦੌਰਾਨ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਖਿੱਚ-ਧੂਹ ਕੀਤੀ। ਇਸ ਝੜਪ ਦੌਰਾਨ ਸੱਤ ਕਿਸਾਨ ਪਰਮਿੰਦਰ ਸਿੰਘ ਚੀਮਾ ਖੁੱਡੀ, ਅਜੈਬ ਸਿੰਘ ਚੀਮਾ ਖੁੱਡੀ, ਹਰਜੀਤ ਸਿੰਘ ਲੀਲ ਕਲਾਂ, ਅਜੀਤ ਸਿੰਘ ਭਿੱਟੇਵੱਡ, ਅਜੀਤ ਸਿੰਘ ਭਰਥ, ਨਿਸ਼ਾਨ ਸਿੰਘ ਭਿੱਟੇਵੱਡ, ਗੁਰਮੁਖ ਸਿੰਘ ਖਾਨਮਲਕ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਵਾਹਨਾਂ ਨੂੰ ਨੁਕਸਾਨ ਪੁੱਜਿਆ। ਜ਼ਖ਼ਮੀਆਂ ਨੂੰ ਸਾਥੀਆਂ ਨੇ ਸਰਕਾਰੀ ਹਸਪਤਾਲ ਹਰਚੋਵਾਲ ਵਿੱਚ ਦਾਖ਼ਲ ਕਰਵਾਇਆ।
ਕਿਸਾਨਾਂ ਆਗੂਆਂ ਦੱਸਿਆ ਇਸ ਦੌਰਾਨ ਐੱਸਡੀਐੱਮ ਬਟਾਲਾ ਤੇ ਡੀਐੱਸਪੀ ਨੇ ਵੀ ਕਥਿਤ ਇਤਰਾਜ਼ਯੋਗ ਭਾਸ਼ਾ ਵਰਤੀ। ਜਥੇਬੰਦੀ ਦੇ ਸੂਬਾ ਆਗੂ ਸੁਵਿੰਦਰ ਸਿੰਘ ਚੁਤਾਲਾ ਨੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਮਗਰੋਂ ਉਨ੍ਹਾਂ ਕਿਸਾਨਾਂ ਸਣੇ ਪਿੰਡ ਨੰਗਲ ਝੌਰ ਵਿੱਚ ਪੱਕਾ ਧਰਨਾ ਲਾ ਦਿੱਤਾ ਤੇ ਸਰਕਾਰਾਂ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ।ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਪ੍ਰਸ਼ਾਸਨ ਬਿਨਾਂ ਪੈਸੇ ਦਿੱਤੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਧੱਕੇ ਨਾਲ ਕਬਜ਼ੇ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸਾਰੇ ’ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।