Sangrur farmer Protest : ਕਿਸਾਨਾਂ ਨੇ CM ਮਾਨ ਨੂੰ ਭੇਜਿਆ 'ਯਾਦ ਪੱਤਰ'
Sangrur farmer Protest : ਕਿਸਾਨਾਂ ਨੇ CM ਮਾਨ ਨੂੰ ਭੇਜਿਆ 'ਯਾਦ ਪੱਤਰ'
Farmer's Protest: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਚੱਲ ਰਿਹਾ ਪੱਕਾ ਮੋਰਚੇ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।
ਇਸ ਧਰਨੇ ਵਿੱਚ ਕੇਂਦਰ ਤੇ ਰਾਜ ਦੀਆਂ ਹਕੂਮਤਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 15 ਅਕਤੂਬਰ ਨੂੰ ‘ਲਲਕਾਰ ਦਿਵਸ’ ਮੌਕੇ ਹੋਣ ਵਾਲੀ ਰੈਲੀ ਮੁੱਖ ਮੰਤਰੀ ਨੂੰ ਆਪਣੇ ਚੁੱਪ ਤੋੜਨ ਲਈ ਮਜਬੂਰ ਕਰੇਗੀ।
ਉਧਰ, ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਖੁੱਲ੍ਹੀ ਥਾਂ ਦੇ ਆਲੇ-ਦੁਆਲੇ ਲਗਾਈ ਕੰਡਿਆਲੀ ਤਾਰ, ਮੁੱਖ ਸੜਕ ਦੇ ਦੋਵੇਂ ਪਾਸੇ ਖੜ੍ਹੀਆਂ ਟਰੈਕਟਰ-ਟਰਾਲੀਆਂ ਤੇ ਠਾਠਾਂ ਮਾਰਦੇ ਇਕੱਠ ਵਿੱਚ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਇੱਕ ਵਾਰ ਦਿੱਲੀ ਦੇ ਕਿਸਾਨ ਅੰਦੋਲਨ ਦਾ ਭੁਲੇਖਾ ਪਾ ਰਹੇ ਹਨ।
ਹਾਕਮਾਂ ਦੀ ਚੁੱਪ ਦੇ ਬਾਵਜੂਦ ਪੱਕੇ ਮੋਰਚੇ ’ਚ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਤੇ ਕਿਸਾਨਾਂ ਨੇ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ਤੱਕ ਪੱਕੇ ਡੇਰੇ ਲਗਾ ਲਏ ਹਨ।
ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਕਰਦਿਆਂ ਮੁਜਰਮਾਨਾ ਚੁੱਪ ਵੱਟ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਅਕਤੂਬਰ ਨੂੰ ‘ਲਲਕਾਰ ਦਿਵਸ’ ਮੌਕੇ ਪੱਕੇ ਮੋਰਚੇ ਵਾਲੇ ਸਥਾਨ ’ਤੇ ਹੋਣ ਵਾਲੀ ਲਾਮਿਸਾਲ ਰੈਲੀ ਮੁੱਖ ਮੰਤਰੀ ਤੇ ਸਰਕਾਰ ਦੀ ਚੁੱਪ ਤੋੜੇਗੀ।