Chandigarh Lawyer protest : ਮਹਿਲਾ ਵਕੀਲ ਦੇ ਘਰ NIA ਦੇ ਛਾਪੇ 'ਤੇ ਪਿਆ ਪੁਆੜਾ, ਹਾਈਕੋਰਟ ਤੇ ਜ਼ਿਲ੍ਹਾ ਅਦਾਲਤ 'ਚ ਕੰਮ ਠੱਪ
ਚੰਡੀਗੜ੍ਹ: ਪੰਜਾਬ ਦੇ ਨਾਮੀ ਗੈਂਗਸਟਰਾਂ ਦੇ ਕੇਸਾਂ ਦੀ ਪੈਰਵੀ ਕਰ ਰਹੀ ਮਹਿਲਾ ਵਕੀਲ ਦੇ ਚੰਡੀਗੜ੍ਹ ਸਥਿਤ ਘਰ ਤੇ ਦਫ਼ਤਰ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਦੇ ਵਿਰੋਧ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੰਮ ਠੱਪ ਹੈ। ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਸੋਮਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਅਦਾਲਤੀ ਕਾਰਵਾਈ ਅਗਲੇ ਹੁਕਮਾਂ ਤੱਕ ਠੱਪ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦਾ ਕੰਮ ਵੀ ਬੰਦ ਹੈ।
ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੀਆਂ ਅਦਾਲਤਾਂ ਵਿੱਚ ਵਕੀਲਾਂ ਨੇ ਇਸ ਛਾਪੇਮਾਰੀ ਖ਼ਿਲਾਫ਼ ਕੰਮਕਾਜ ਠੱਪ ਕਰ ਦਿੱਤਾ ਸੀ। ਹਾਈ ਕੋਰਟ ਬਾਰ ਨੇ ਕਿਹਾ ਹੈ ਕਿ ਇਸ ਤਰ੍ਹਾਂ ਕਿਸੇ ਏਜੰਸੀ ਵੱਲੋਂ ਵਕੀਲ ਦੇ ਕੰਮ ਵਿੱਚ ਦਖ਼ਲ ਦੇਣਾ ਗ਼ਲਤ ਹੈ। ਇਹ ਐਡਵੋਕੇਟਸ ਐਕਟ, 1961 ਤੇ ਐਵੀਡੈਂਸ ਐਕਟ ਦੇ ਵੀ ਵਿਰੁੱਧ ਹੈ।
ਦੱਸ ਦਈਏ ਕਿ 18 ਅਕਤੂਬਰ ਨੂੰ ਸਵੇਰੇ 6 ਵਜੇ ਐਡਵੋਕੇਟ ਡਾ. ਸ਼ੈਲੀ ਸ਼ਰਮਾ ਦੇ ਘਰ ਇਹ ਛਾਪਾ ਮਾਰਿਆ ਗਿਆ ਸੀ। ਐਨਆਈਏ ਨੇ ਉਨ੍ਹਾਂ ਦੇ ਦੋ ਮੋਬਾਈਲ ਫੋਨ, ਲੈਪਟਾਪ ਤੇ ਕੰਪਿਊਟਰ ਦੀ ਤਲਾਸ਼ੀ ਲਈ ਤੇ ਕੁਝ ਦਸਤਾਵੇਜ਼ ਵੀ ਖੋਹ ਲਏ। ਸ਼ੈਲੀ ਸ਼ਰਮਾ ਤੋਂ ਕਰੀਬ ਸਾਢੇ 3 ਘੰਟੇ ਪੁੱਛਗਿੱਛ ਕੀਤੀ ਗਈ।
ਹਾਸਲ ਜਾਣਕਾਰੀ ਅਨੁਸਾਰ ਸ਼ੈਲੀ ਸ਼ਰਮਾ 2 ਦਰਜਨ ਤੋਂ ਵੱਧ ਗੈਂਗਸਟਰਾਂ ਦੇ ਕੇਸਾਂ ਦੀ ਅਦਾਲਤ ਵਿੱਚ ਪੈਰਵੀ ਕਰ ਰਹੀ ਹੈ। ਇਨ੍ਹਾਂ ਵਿੱਚ ਏ+ ਸ਼੍ਰੇਣੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਸਾਲ 2019 ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕੇਸ ਵਿੱਚ ਮੁਲਜ਼ਮਾਂ ਦੇ ਬਰੀ ਹੋਣ ਤੋਂ ਬਾਅਦ ਉਸ ਦੇ ਦੇ ਕਲਾਇੰਟ ਵਧੇ ਸੀ।