ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ
ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹੋਈ ਬਹਿਸ ਦੀ ਹੋਰ ਵੀਡੀਓ ਜਨਤਕ ਹੋਈ ਹੈ। ਇਸ ਇਕੱਤਰਤਾ ਦੌਰਾਨ ਬਹਿਸ ਦੀ ਵੀਡੀਓ 18 ਦਸੰਬਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਵਿਖੇ ਇਕੱਤਰਤਾ ਹੋਈ ਸੀ ਜਿਸ ਤੋਂ ਲਗਪਗ ਚਾਰ ਮਹੀਨੇ ਮਗਰੋਂ ਵਿਰਸਾ ਸਿੰਘ ਵਲਟੋਹਾ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਬਹਿਸ ਦੀ ਹੁਣ ਇਹ ਵੀਡੀਓ ਜਨਤਕ ਹੋਈ ਹੈ। ਤਾਜ਼ਾ 58 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਆਗੂ ਵਲਟੋਹਾ ਵੱਲੋਂ ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਨ੍ਹਾਂ ਦੇ ਕਈ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਸਮੇਤ ਹੋਰਨਾਂ ਆਗੂਆਂ ਨਾਲ ਵੀ ਸੰਪਰਕ ਬਣੇ ਸਨ। ਉਧਰ, ਵਿਰਸਾ ਸਿੰਘ ਵਲਟੋਹਾ ਨੇ ਉਪਰੋਕਤ ਮੀਟਿੰਗ ਦੀ ਵੀਡੀਓਗ੍ਰਾਫੀ ਜਨਤਕ ਕਰਨ ਦੀ ਮੰਗ ਕੀਤੀ ਹੈ। ਉਂਝ ਇਹ ਵੀਡੀਓ ਕਿਵੇਂ ਜਨਤਕ ਹੋਈ, ਇਹ ਭੇਦ ਬਣਿਆ ਹੋਇਆ ਹੈ। ਇਸ ਵੀਡੀਓ ਨੂੰ ਅਕਾਲੀ ਆਗੂ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਹੈ। ਵਲਟੋਹਾ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ... ਇਸ ਵਾਇਰਲ ਕਲਿੱਪ ਬਾਰੇ ਮੈਨੂੰ ਓਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਮੈਨੂੰ ਕਿਸੇ ਪੰਜਾਬੀ ਨਿਊਜ਼ ਚੈਨਲ ਦਾ ਫੋਨ ਆਇਆ ਕਿ ਸਿੰਘ ਸਾਹਿਬਾਨ ਨਾਲ ਤੁਹਾਡੀ ਪੇਸ਼ੀ ਦਾ ਇੱਕ ਕਲਿੱਪ ਸਾਮਣੇ ਆਇਆ ਹੈ......ਹੈਰਾਨੀ ਹੈ ਕਿ ਏਨਾਂ ਕਲਿੱਪਾਂ ਨੂੰ ਕੌਣ ਜਾਰੀ ਕਰ ਰਿਹਾ ਹੈ......??? ਹਾਂ ਇਹ ਵਾਇਰਲ ਕਲਿੱਪ ਮੇਰੀ 15 ਅਕਤੂਬਰ 2024 ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੇਸ਼ੀ ਸਮੇਂ ਦਾ ਹੀ ਹੈ......ਮੈਂ 15 ਅਕਤੂਬਰ ਤੋਂ ਹੀ ਮੰਗ ਕਰਦਾ ਰਿਹਾ ਹਾਂ ਕਿ ਉਸ ਦਿਨ ਦੀ ਸਾਰੀ ਰਿਕਾਰਡਿੰਗ ਵੀਡੀਓ ਰਿਲੀਜ਼ ਕੀਤੀ ਜਾਵੇ। ਦੱਸ ਦਈਏ ਕਿ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਭਾਜਪਾ ਤੇ ਆਰਐਸਐਸ ਨਾਲ ਸਬੰਧ ਹੋਣ ਦਾ ਦੋਸ਼ ਲਾਇਆ ਸੀ ਜਿਸ ਸਬੰਧੀ ਅਕਾਲੀ ਆਗੂ ਨੂੰ ਸਪੱਸ਼ਟੀਕਰਨ ਦੇਣ ਲਈ 15 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸੱਦਿਆ ਗਿਆ ਸੀ। ਇਸ ਮੀਟਿੰਗ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਦਸ ਸਾਲਾਂ ਲਈ ਕੱਢਣ ਦਾ ਆਦੇਸ਼ ਦਿੱਤਾ ਸੀ।