ਖਾਲਿਸਤਾਨੀਆਂ ਵੱਲੋਂ ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ!
ਪੰਜਾਬ ਦੇ ਇੱਕ ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਪੁਲਿਸ ਥਾਣੇ 'ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ। ਹਾਲਾਂਕਿ, ਕਿਸੇ ਕਾਰਨ ਕਰਕੇ ਇਹ ਹੈਂਡ ਗ੍ਰੇਨੇਡ ਫਟਿਆ ਨਹੀਂ ਤੇ ਇਸ ਤਰ੍ਹਾਂ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਉਧਰ, ਅਮਰੀਕਾ ਸਥਿਤ ਖਾਲਿਸਤਾਨ ਪੱਖੀਆਂ ਹੈਪੀ ਪਾਸੀਆਂ ਤੇ ਗੋਪੀ ਨਵਾਂਸ਼ਹਿਰੀਆ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਗਈ ਹੈ। ਇਸ ਦੇ ਨਾਲ ਹੀ ਧਮਕੀ ਵੀ ਦਿੱਤੀ ਗਈ ਹੈ ਕਿ ਅਜੇ ਤਾਂ ਥਾਣੇ 'ਤੇ ਗ੍ਰੇਨੇਡ ਸੁੱਟਿਆ ਹੈ, ਹੁਣ ਨਾਕੇ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।
ਇਸ ਹਮਲੇ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਟਾਲਾ ਪੁਲਿਸ ਅਧਿਕਾਰੀ ਇਸ ਹਮਲੇ ਸਬੰਧੀ ਕੁਝ ਵੀ ਕਹਿਣ ਤੋਂ ਗੁਰੇਜ ਕਰ ਰਹੇ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਗ੍ਰਨੇਡ ਵੀਰਵਾਰ ਰਾਤ ਕਰੀਬ 10.30 ਵਜੇ ਸੁੱਟਿਆ ਗਿਆ। ਦੋ ਨੌਜਵਾਨ ਬਾਈਕ 'ਤੇ ਆਏ ਜਿਨ੍ਹਾਂ ਨੇ ਥਾਣੇ ਵੱਲ ਕੋਈ ਚੀਜ਼ ਸੁੱਟ ਦਿੱਤੀ। ਇਹ ਗ੍ਰਨੇਡ ਹੋਣ ਦਾ ਸ਼ੱਕ ਹੈ।