ਪਨਸਪ ਮੁਲਾਜ਼ਮਾਂ ਵੱਲੋਂ ਪਨਸਪ ਮੈਨੇਜਮੈਂਟ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਪਨਸਪ ਮੈਨੇਜਮੈਂਟ ਦੀ ਧੱਕੇਸ਼ਾਇਆਂ ਖਿਲਾਫ ਪਿਛਲੇ 12 ਦਿਨਾਂ ਤੋਂ ਲਗਾਤਾਰ ਧਰਨੇ ਤੇ ਬੈਠੇ ਮੁਲਾਜ਼ਮਾਂ ਵਲੋਂ ਸੋਮਵਾਰ ਨੂੰ ਮੋਗਾ ਦੇ ਬੱਸ ਸਟੈਂਡ ਦੇ ਸਾਹਮਣੇ ਮੇਨ ਚੌਂਕ ਵਿਖੇ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ। ਇਸ ਮੌਕੇ ਪਨਸਪ ਮੁਲਾਜ਼ਮ ਆਗੂ ਰਣਜੀਤ ਸਿੰਘ ਸਹੋਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗਹਿਲਾ ਕੀਤਾ ਜਾ ਰਿਹਾ ਹੈ। ਇਸ ਕਰਕੇ ਪਨਸਪ ਮੁਲਾਜ਼ਮਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ , ਪ੍ਰੰਤੂ ਨਾਂ ਹੀ ਪਨਸਪ ਮੈਨੇਜਮੈਂਟ ਵਲੋਂ ਅੱਜ ਤੱਕ ਮੁਲਾਜਮਾਂ ਦੀ ਕੋਈ ਸਾਰ ਲਈ ਗਈ ਹੈ ਅਤੇ ਸਮੂਹ ਮੁਲਾਜਮਾਂ ਵੱਲੋਂ ਪਨਸਪ ਮੈਨੇਜਮੈਂਟ ਵਿਰੁੱਧ ਰੋਸ਼ ਪ੍ਰਗਟ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ ਦਾਲ ਸਕੀਮ ਲਈ ਪਨਸਪ ਵਿਭਾਗ ਨੂੰ 1400 ਕਰੋੜ ਦਾ ਲੋਨ ਦਿੱਤਾ ਗਿਆ ਤੇ ਪਿਛਲੀ ਸਰਕਾਰ ਵੱਲੋਂ ਚਲਾਈ ਗਈ ਮੁਫਤ ਆਟਾ ਦਾਲ ਸਕੀਮ ਕਰਕੇ ਪਨਸਪ ਵਿਭਾਗ ਨੂੰ ਵੱਡੇ ਪੱਧਰ ਤੇ ਘਾਟਾ ਪਿਆ ਅਤੇ ਪਨਸਪ ਕੋਲੋਂ ਪ੍ਰੌਂਪਟ ਮੇਕਿੰਗ ਕੰਮ ਖੋਹਣ ਕਰਕੇ ਮੌਜੂਦਾ ਸਰਕਾਰ ਵੱਲੋਂ ਵੀ ਪਨਸਪ ਨੂੰ ਘਾਟੇ ਵਿੱਚ ਦਰਸ਼ਾਇਆ ਜਾ ਰਿਹਾ ਹੈ । ਪਨਸਪ ਵਿਭਾਗ ਸਰਕਾਰਾਂ ਦੀਆਂ ਨੀਤੀਆਂ ਕਰਕੇ ਹੀ ਘਾਟੇ ਵਿੱਚ ਗਈ ਹੈ ।ਪਨਸਪ ਮੁਲਾਜਮਾਂ ਨੂੰ ਭਰਤੀ ਸਮੇਂ ਨਿਯੁਕਤੀ ਪੱਤਰਾਂ ਤੇ ਸਪੱਸ਼ਟ ਕੀਤਾ ਗਿਆ ਹੈ ਕਿ ਤੁਹਾਨੂੰ ਪੰਜਾਬ ਸਿਵਲ ਸਰਵੀਸਿਸ ਦੇ ਰੂਲਜ਼ ਦੇ ਤਹਿਤ ਨਿਯੁਕਤ ਕੀਤਾ ਗਿਆ ਹੈ ।