ਅੱਜ ਦਾ ਮੁੱਦਾ : ਪੰਜਾਬਣ ਮਨਦੀਪ ਕੌਰ ਦੀ ਮੌਤ ਦਾ ਜ਼ਿੰਮੇਵਾਰ ਕੌਣ ?
ਅੱਜ ਦਾ ਮੁੱਦਾ : ਪੰਜਾਬਣ ਮਨਦੀਪ ਕੌਰ ਦੀ ਮੌਤ ਦਾ ਜ਼ਿੰਮੇਵਾਰ ਕੌਣ ?
ਪਿਛਲੇ ਦਿਨੀਂ ਅਮਰੀਕਾ `ਚ ਰਹਿੰਦੀ ਮਨਦੀਪ ਕੌਰ ਨਾਂ ਦੀ ਪੰਜਾਬਣ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ `ਤੇ ਸ਼ੇਅਰ ਕਰ ਦਿਤੀ। ਇਹ ਵੀਡੀਓ ਪੂਰੀ ਦੁਨੀਆ `ਚ ਖੂਬ ਵਾਇਰਲ ਵੀ ਹੋ ਰਹੀ ਹੈ ,ਜਿਸਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਉਠੀ ਹੈ | ਮੌਤ ਤੋਂ ਪਹਿਲਾਂ ਮਨਦੀਪ ਵਲੋਂ ਇਨਸਾਫ ਮੰਗਣ ਦੀ ਵੀਡੀਓ 'ਤੇ ਫ਼ਿਰ ਉਸਦੀ ਮੌਤ ਤੋਂ ਬਾਅਦ ਉਸਦੇ ਪਤੀ ਵਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ, ਜਿਸਨੇ ਵੀ ਵੇਖੀਆਂ ਉਸਦਾ ਹੀ ਕਲੇਜਾ ਵਲੂੰਧਰੀਆਂ ਗਿਆ | ਨਾਲ ਹੀ ਇਸ ਨੇ ਉਨ੍ਹਾਂ ਮਾਪਿਆਂ ਦੇ ਦਿਲਾਂ 'ਚ ਵੀ ਡਰ ਪੈਦਾ ਕਰ ਦਿੱਤਾ ਜੋ ਆਪਣੀਆਂ ਧੀਆਂ ਨੂੰ ਵਿਦੇਸ਼ੀ ਲਾੜਿਆਂ ਨਾਲ ਵਿਆਹ ਤਾਂ ਦਿੰਦੇ ਹਨ, ਪਰ ਵਿਦੇਸ਼ਾਂ 'ਚ ਜਾ ਕੇ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ, ਇਹ ਕੋਈ ਨਹੀਂ ਜਾਣਦਾ | ਬੇਸ਼ਕ ਹਰ ਇਨਸਾਨ ਗ਼ਲਤ ਨਹੀਂ ਹੁੰਦਾ ਪਰ ਕਹਿੰਦੇ ਨੇ ਇਕ ਮੱਛੀ ਸਾਰਾ ਤਲਾਬ ਗੰਦਾ ਕਰ ਦਿੰਦੀ ਹੈ |
ਮਾਮਲਾ ਰਿਚਮੰਡ ਹਿੱਲ, ਨਿਊਯਾਰਕ ਚ’ ਰਹਿੰਦੀ ਇਕ ਪੰਜਾਬਣ ਮਨਦੀਪ ਕੌਰ ਦਾ ਹੈ | ਜੋ ਪਿਛਲੇ ਅੱਠ ਸਾਲ ਤੋ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਦਾ ਤਸ਼ੱਦਦ ਝਲਦੀ ਆ ਰਹੀ ਸੀ | ਲੇਕਿਨ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਤਸ਼ੱਦਦ ਦੀ ਹੱਦ ਦੀ ਵਧਦੀ ਗਈ ਤੇ ਦੂਜੇ ਪਾਸੇ ਮਨਦੀਪ ਦੇ ਸਬਰ ਤੇ ਸਹਿਣਸ਼ੀਲਤਾ ਨੇ ਜਵਾਬ ਦੇ ਦਿੱਤਾ | ਆਖਰ ਮਨਦੀਪ ਨੇ
ਖ਼ੁਦਕੁਸ਼ੀ ਕਰ ਲਈ | ਆਤਮ ਹੱਤਿਆ ਕਰਨ ਤੋ ਪਹਿਲਾ ਮਨਦੀਪ ਨੇ ਇਕ ਵੀਡੀਓ ਬਣਾਈ ਜਿਸ 'ਚ ਉਸਨੇ ਖੁੱਲ੍ਹ ਕੇ ਉਹ ਸਾਰੀਆਂ ਗੱਲਾਂ ਕੀਤੀਆਂ ਜੋ ਪਿਛਲੇ ਕਈ ਸਾਲਾਂ ਤੋਂ ਉਸਨੂੰ ਅੰਦਰੋਂ ਖੋਖਲਾ ਕਰ ਰਹੀਆਂ ਸਨ | 30 ਸਾਲਾਂ ਮੁਟਿਆਰ ਧੀ ਨੇ ਮਰਨ ਤੋ ਪਹਿਲਾ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੋਂ ਮੁਆਫੀ ਵੀ ਮੰਗੀ ਅਤੇ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਦੀਆਂ ਘਟੀਆ ਕਰਤੂਤਾਂ ਵੀ ਦੱਸੀਆਂ |
ਇਸ ਵੀਡੀਓ ਨੇ ਸਭ ਦੇ ਦਿਲਾਂ `ਚ ਡੂੰਘੇ ਸਵਾਲ ਛੱਡ ਦਿੱਤੇ ਹਨ।
ਸਵਾਲ ਹੈ ਕਿ ਆਖਰ 21ਵੀਂ ਸਦੀ `ਚ ਕੋਈ ਔਰਤ ਇਸ ਤਰ੍ਹਾਂ ਦਾ ਤਸ਼ੱਦਦ ਕਿਵੇਂ ਝੱਲ ਸਕਦੀ ਹੈ।
ਕਿਉਂ ਅੱਜ ਦੇ ਸਮੇਂ 'ਚ ਵੀ ਧੀਆਂ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦੀਆਂ ਨੇ
ਤੇ ਆਖ਼ਰ ਕਦੋਂ ਤਕ ਔਰਤ ਆਂਪਣੇ ਘਰ ਪਰਿਵਾਰ ਦੀ ਇੱਜ਼ਤ ਖ਼ਾਤਰ ਆਪਣੇ 'ਤੇ ਹੁੰਦਾ ਜ਼ੁਲਮ ਸਹਿੰਦਿਆਂ ਰਹਿਣਗੀਆਂ
ਅੱਜ ਮਨਦੀਪ ਕੌਰ ਦੀ ਮੌਤ ਤੋਂ ਬਾਅਦ ਨਾ ਸਿਰਫ ਪੰਜਾਬੀ ਭਾਈਚਾਰਾ ਬਲਕਿ ਹਰ ਉਹ ਇਨਸਾਨ ਜਿਸਦੇ ਦਿਲ 'ਚ ਇਨਸਾਨੀਅਤ ਜਿੰਦਾ ਹੈ ਉਹ ਮਨਦੀਪ ਲਈ ਇਨਸਾਫ਼ ਮੰਗ ਰਿਹਾ ਹੈ | ਪਰ ਸਵਾਲ ਤਾਂ ਇਹ ਵੀ ਹੈ ਕੀ ਅਸੀਂ ਇਹ ਸਭ ਕਹਿਣ ਤੇ ਕਰਨ 'ਚ ਦੇਰੀ ਨਹੀਂ ਕਰ ਦਿੰਦੇ |
ਅਜਿਹੇ ਸਵਾਲ ਸਾਡੇ ਤੁਹਾਡੇ ਦਿਲ ਦਿਮਾਗ 'ਚ ਰੌਲਾ ਤਾਂ ਬਹੁਤ ਪਾਉਂਦੇ ਨੇ ਪਰ ਜਵਾਬ 'ਚ ਸਿਰਫ 'ਚੁੱਪ' ਹੈ |
ਦੱਸ ਦਈਏ ਕਿ ਮਨਦੀਪ ਦੀ ਮੌਤ ਤੋਂ ਬਾਅਦ ਹਰ ਪੰਜਾਬੀ ਉਸਦੇ ਲਈ ਇਨਸਾਫ ਮੰਗ ਰਿਹਾ ਹੈ | ਉਥੇ ਹੀ ਪਾਲੀਵੁੱਡ ਇੰਡਸਟਰੀ ਨੇ ਵੀ ਮਨਦੀਪ ਕੌਰ ਦੇ ਖੁਦਕੁਸ਼ੀ ਮਾਮਲੇ `ਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਅਦਾਕਾਰਾ ਸਰਗੁਣ ਮਹਿਤਾ ਨੇ ਲੰਬੀ ਚੌੜੀ ਪੋਸਟ ਸ਼ੇਅਰ ਕਰ ਪੁੱਛਿਆ ਸੀ ਕਿ ਆਖਰ ਕਦੋਂ ਤੱਕ ਔਰਤਾਂ ਦੇ ਨਾਲ ਧੱਕਾ ਹੁੰਦਾ ਰਹੇਗਾ?
ਨੀਰੂ ਬਾਜਵਾ,ਜਸਬੀਰ ਜੱਸੀ, ਰਣਜੀਤ ਬਾਵਾ, ਤਰਸੇਮ ਜੱਸੜ, ਗਿੱਪੀ ਗਰੇਵਾਲ ਵਰਗੇ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਪੋਸਟਾਂ ਪਾ ਕੇ ਤਿੱਖਾ ਇਤਰਾਜ਼ ਪ੍ਰਗਟਾਇਆ।
ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲੜਕੀਆਂ ਨੂੰ ਖਾਸ ਸੰਦੇਸ਼ ਦਿਤਾ ਹੈ।ਜਿਸ ਵਿੱਚ ਇਹ ਲਿਖਿਆ ਹੈ ਕਿ ਆਪਣੀਆਂ ਬੇਟੀਆਂ ਨੂੰ ਸਿਖਾਓ ਕਿ ਵਿਆਹ ਬਹੁਤ ਖੂਬਸੂਰਤ ਚੀਜ਼ ਹੈ, ਪਰ ਨਾਲ ਨਾਲ ਉਨ੍ਹਾਂ ਨੂੰ ਇਹ ਵੀ ਸਿਖਾਓ ਕਿ ਜਦੋਂ ਰਿਸ਼ਤੇ `ਚ ਜ਼ਹਿਰ ਘੁਲਣ ਲੱਗੇ, ਤੁਹਾਡਾ ਦਮ ਘੁਟਣ ਲੱਗੇ ਤਾਂ ਤੁਰੰਤ ਪਿੱਛੇ ਹਟ ਜਾਓ।ਧੀਆਂ ਨੂੰ ਸਿਖਾਓ ਕਿ ਜ਼ੁਲਮ ਤੇ ਤਸ਼ੱਦਦ ਸਹਿਣਾ ਕੋਈ ਬਹਾਦਰੀ ਜਾਂ ਮਹਾਨਤਾ ਨਹੀਂ ਹੈ। ਉਨ੍ਹਾਂ ਨੂੰ ਸਿਖਾਓ ਕਿ ਔਰਤਾਂ ਵਹਿਸ਼ੀ ਆਦਮੀਆਂ ਦੇ ਇਸਤੇਮਾਲ ਦੀ ਵਸਤੂ ਨਹੀਂ ਹਨ।
ਮਸ਼ਹੂਰ ਅਦਾਕਾਰ-ਗਾਇਕ ਰਣਜੀਤ ਬਾਵਾ ਨੇ ਇਸ ਘਟਨਾ ਨੂੰ ਸੁਣ ਕੇ ਭਾਵੁਕ ਹੋ ਗਏ। ਗਾਇਕ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਲਿਖਿਆ ਹੈ ਕਿ ‘ਮਨਦੀਪ ਕੌਰ ਭੈਣ ਦੀ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ, ਅਸੀਂ ਇੰਨਾਂ ਪੜ੍ਹ-ਲੇਖ ਕੇ ਇੰਨੇ ਵੱਡੇ ਮੁਲਕਾ ’ਚ ਪਹੁੰਚੇ ਕੇ ਵੀ ਅਜੇ ਤੱਕ ਇੰਨਾ ਹੀ ਨਹੀਂ ਸਿੱਖੇ ਕਿ ਜਿਹੜੀ ਔਰਤ ਤੁਹਾਡੇ ਬੱਚੇ ’ਤੇ ਇੰਨੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਚੱਲ ਰਹੀ ਹੈ, ਫ਼ਿਰ ਵੀ ਉਸ ਉਪਰ ਇੰਨਾ ਅਤਿਆਚਾਰ ਅਤੇ ਇੰਨੀ ਕੁੱਟਮਾਰ, ਔਰਤ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ।’
ਰਣਜੀਤ ਬਾਵਾ ਨੇ ਅੱਗੇ ਕਿਹਾ ਕਿ ‘ਧੰਨ ਹੈ ਉਹ ਭੈਣ ਜਿਸ ਨੇ 8 ਸਾਲਾਂ ਤੱਕ ਇਹ ਸਹਿਣ ਕੀਤਾ, ਭੈਣ ਹੋ ਸਕਦਾ ਹੈ ਕਿ ਅਸੀਂ ਵੀ ਇਸ ਸਮਾਜ ਦਾ ਹਿੰਸਾ ਹੋਈਏ, ਮਾਫ਼ ਕਰੀ ਅਤੇ ਵਹਿਗੁਰੂ ਸਮਝ ਬਖ਼ਸ਼ੇ, ਇਹ ਲੋਕਾਂ ਨੂੰ ਸਜ਼ਾ ਦੇਵੇ ਤਾਂ ਜੋ ਹੋਰ ਕਿਸੇ ਧੀ–ਭੈਣ ’ਤੇ ਇਹ ਸਭ ਨਾ ਹੋਵੇ, ਬਹੁਤ ਜ਼ਿਆਦਾ ਦੁਖ ਲਗਦਾ ਆਸ ਹੈ ਜਲਦੀ ਇਨਸਾਫ਼ ਮਿਲੇ।’
ਇਸ ਦੇ ਨਾਲ ਇਕ ਹੋਰ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰ ਨੇ ਭਾਵੁਕ ਹੋ ਕੇ ਲਿਖਿਆ ਹੈ ਕਿ ‘ਕੀ ਇਹ ਉਹ ਸੰਸਾਰ ਹੈ ਜਿਸ ’ਚ ਅਸੀਂ ਰਹਿ ਰਹੇ ਹਾਂ! ਐਨੀ ਨਫ਼ਰਤ ਕਿਥੋਂ ਲੈ ਕੇ ਆਉਂਦੇ, ਓ ਯਾਰ ਕਿਥੇ ਜਵਾਬ ਦੇਣਾ ਏਹੋ ਜੇ ਪਾਪ ਕਰ ਕੇ, ਬਾਹਰ ਆ ਕੇ ਅਸੀਂ ਇੱਥੇ ਖੜ੍ਹੇ ਹਾਂ, ਪੜ੍ਹ-ਲਿਖ ਕੇ ਵੀ ਅਸੀਂ ਇਹ ਕਰ ਰਹੇ ਹਾਂ, ਇਹ ਸਾਡੇ ਸਮਾਜ ਦੀ ਤਰਫੋਂ ਵੱਡੀ ਅਸਫ਼ਲਤਾ ਹੈ, ਸ਼ਰਮਨਾਕ ਹੈ।
ਅੱਜ ਮਨਦੀਪ ਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ ਪਰ ਹਾਂ ਉਸਨੂੰ ਇਨਸਾਫ ਜ਼ਰੂਰ ਦਿੱਤਾ ਜਾ ਸਕਦਾ ਹੈ | ਕਿਸੀ ਹੋਰ ਮਨਦੀਪ ਕੌਰ ਨਾਲ ਅਜਿਹਾ ਕੁਝ ਨਾ ਵਾਪਰੇ ਇਸ ਲਾਇ ਇੱਕ ਲੋਕ ਲਹਿਰ ਜ਼ਰੂਰ ਚਲਾਈ ਜਾ ਸਕਦੀ ਹੈ |