ਘੱਲੂਘਾਰੇ ਦੀ ਬਰਸੀ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਅਲਰਟ, 5 ਜੂਨ ਨੂੰ ਆਜ਼ਾਦੀ ਮਾਰਚ, 6 ਨੂੰ ਬੰਦ ਦਾ ਸੱਦਾ

Continues below advertisement

ਸਾਕਾ ਨੀਲਾ ਤਾਰਾ ਦੀ ਬਰਸੀ (ਘੱਲੂਘਾਰਾ ਦਿਵਸ) ਨੇੜੇ ਆਉਂਦੇ ਹੀ ਪੰਜਾਬ ਦਾ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਕੁਝ ਸਿੱਖ ਜਥੇਬੰਦੀਆਂ ਵੱਲੋਂ 'ਅੰਮ੍ਰਿਤਸਰ ਬੰਦ' ਤੇ 'ਆਜ਼ਾਦੀ ਮਾਰਚ' ਦਾ ਐਲਾਨ ਕੀਤਾ ਗਿਆ ਹੈ। ਉਧਰ, ਗੁਰਦਾਸਪੁਰ ਦੇ ਕਲਾਨੌਰ ਇਲਾਕੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਾਏ ਗਏ ਹਨ। ਦੂਜੇ ਪਾਸੇ ਗਰਮ ਖਿਆਲੀ ਜਥੇਬੰਦੀਆਂ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਲਾਨੌਰ 'ਚ ਕੁਝ ਥਾਵਾਂ 'ਤੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦੇ ਪੋਸਟਰ ਲਗਾ ਦਿੱਤੇ ਹਨ। ਇਸ ਤੋਂ ਬਾਅਦ ਇਲਾਕੇ 'ਚ ਤਣਾਅ ਦੀ ਸਥਿਤੀ ਬਣ ਗਈ ਹੈ। ਪੋਸਟਰਾਂ 'ਤੇ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ, ਉਥੇ ਹੀ ਇਨ੍ਹਾਂ ਪੋਸਟਰਾਂ 'ਤੇ ਹਿੰਦੁਸਤਾਨ ਮੁਰਦਾਬਾਦ ਵੀ ਲਿਖਿਆ ਗਿਆ ਹੈ। ਪੋਸਟਰ 'ਤੇ ਭਿੰਡਰਾਂਵਾਲਾ ਦੇ ਨਾਂ ਤੋਂ ਇਲਾਵਾ ਪੰਜਾਬ ਦਾ ਅਸਲੀ ਹੱਕਦਾਰ ਖਾਲਿਸਤਾਨ ਤੇ ਹਿੰਦੁਸਤਾਨ ਮੁਰਦਾਬਾਦ ਛਾਪ ਕੇ ਕੰਧਾਂ 'ਤੇ ਚਿਪਕਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਕਾ ਨੀਲਾ ਤਾਰਾ ਕਾਰਨ ਅੰਮ੍ਰਿਤਸਰ ਵਿੱਚ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿੱਚ ਕੰਧਾਂ ਤੇ ਪਬਲਿਕ ਟਰਾਂਸਪੋਰਟ ’ਤੇ ਪੋਸਟਰ ਲਾਏ ਜਾ ਰਹੇ ਹਨ। ਇਸ 'ਤੇ 5 ਜੂਨ ਨੂੰ ਅੰਮ੍ਰਿਤਸਰ 'ਚ ਆਜ਼ਾਦੀ ਮਾਰਚ ਦਾ ਐਲਾਨ ਕੀਤਾ ਗਿਆ ਹੈ, ਜਦਕਿ 6 ਜੂਨ ਨੂੰ ਗਰਮਖਿਆਲੀ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦਾ ਫੈਸਲਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅੰਮ੍ਰਿਤਸਰ 'ਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਨਾਕੇ ਲਾ ਦਿੱਤੇ ਗਏ ਹਨ ਤੇ ਅੰਮ੍ਰਿਤਸਰ ਨੂੰ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।


ਦੱਸ ਦੇਈਏ ਕਿ 6 ਜੂਨ ਨੂੰ ਸਿੱਖ ਸੰਗਤ ਵੱਲੋਂ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਲੈ ਕੇ ਜਿੱਥੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਕਮਿਸ਼ਨ੍ਰੇਟ ਪੁਲਿਸ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ। ਘੱਲੂਘਾਰਾ ਹਫਤੇ 'ਚ ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਰਸਤਿਆਂ 'ਤੇ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਮੋਬਾਇਲ ਕਮਾਂਡ 'ਤੇ ਕੰਟਰੋਲ ਵੈਨ, ਜਿਸ 'ਤੇ ਪੰਜ ਕੈਮਰੇ ਲੱਗੇ ਹੋਏ ਹਨ, ਘੀ ਮੰਡੀ ਸਮੇਤ ਵੱਖ-ਵੱਖ ਰਸਤਿਆਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ।

ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਬਾਹਰਲੇ ਵਹੀਕਲਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਦਕਿ ਲੋਕਲ ਵਹੀਕਲ 'ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਹੀ ਦਰਬਾਰ ਸਾਹਿਬ ਵੱਲ ਜਾਣ ਦੀ ਇਜਾਜਤ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ 'ਚ ਇਸ ਵਾਰ ਇਕ ਦਰਜਨ ਦੇ ਕਰੀਬ ਬਾਹਰਲੇ ਜ਼ਿਲਿਆਂ ਪਠਾਨਕੋਟ, ਬਟਾਲਾ, ਗੁਰਦਾਸਪੁਰ, ਮੋਗਾ, ਤਰਨ ਤਾਰਨ, ਲੁਧਿਆਣਾ, ਹੁਸ਼ਿਆਰਪੁਰ, ਬਰਨਾਲਾ, ਮੁਕਤਸਰ, ਅੰਮ੍ਰਿਤਸਰ ਦਿਹਾਤੀ, ਜਲੰਧਰ ਦਿਹਾਤੀ ਆਦਿ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

Continues below advertisement

JOIN US ON

Telegram