ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ

ਅੱਜ ਨੇੜ੍ਹਲੇ ਪਿੰਡ ਸਲਾਣਾ ਬੇਟ ਵਿਖੇ ਵਾਪਰੇ ਦਰਦਨਾਕ ਹਾਦਸੇ ’ਚ ਕਣਕ ਨੂੰ ਅੱਗ ਬੁਝਾਉਂਦਿਆਂ ਟਰੈੈਕਟਰ ਸਵਾਰ ਨੌਜਵਾਨ ਕਿਸਾਨ ਮਨਦੀਪ ਸਿੰਘ (42) ਦੀ ਮੌਤ ਹੋ ਗਈ ਜਿਸ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਸਵੇਰੇ 8.30 ਵਜੇ ਸ਼ਾਟ ਸਰਕਟ ਕਾਰਨ ਖੇਤਾਂ ਵਿਚ ਖੜੇ ਨਾੜ ਨੂੰ ਅੱਗ ਲੱਗ ਗਈ। ਇਹ ਅੱਗ ਕਿਸਾਨ ਮਨਦੀਪ ਸਿੰਘ ਦੀ ਖੜ੍ਹੀ ਕਣਕ ਫਸਲ ਵੱਲ ਵਧਦੀ ਜਾ ਰਹੀ ਸੀ ਜਿਸ ਕਾਰਨ ਉਹ ਟ੍ਰੈਕਟਰ ਲੈ ਕੇ ਹੋਰ ਪਿੰਡ ਵਾਸੀਆਂ ਦੀ ਮੱਦਦ ਨਾਲ ਅੱਗ ਨੂੰ ਬੁਝਾਉਣ ਵਿਚ ਲੱਗ ਗਿਆ। ਇਸ ਦੌਰਾਨ ਅੱਗ ਬੁਝਾਉਂਦਿਆਂ ਟ੍ਰੈਕਟਰ ਸਵਾਰ ਮਨਦੀਪ ਸਿੰਘ ਨੇ ਜਦੋਂ ਆਪਣੀ ਕਣਕ ਨੂੰ ਚਪੇਟ ਵਿਚ ਆਉਂਦਿਆਂ ਦੇਖਿਆ ਤਾਂ ਉਹ ਧੂੰਏ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਸ ਨੂੰ ਬੁਝਾਉਣ ਲੱਗ ਪਿਆ। ਅੱਗ ਬੁਝਾਉਣ ਸਮੇਂ ਆਪਣੀ ਫਸਲ ਨੂੰ ਬਚਾਉਂਦਿਆਂ ਅਤੇ ਧੂੰਏ ਦੀ ਚਪੇਟ ਵਿਚ ਆਉਣ ਕਾਰਨ ਉਹ ਘਬਰਾਹਟ ਵਿਚ ਆ ਗਿਆ ਜਿਸ ਨੂੰ ਦਿਲ ਦਾ ਦੌਰਾ ਪੈ ਗਿਆ। ਪਿੰਡ ਵਾਸੀਆਂ ਵਲੋਂ ਮੌਕੇ ’ਤੇ ਕਿਸਾਨ ਮਨਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਲਾਜ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਜਦੋਂ ਪਿੰਡ ਵਿਚ ਉਸਦੀ ਮੌਤ ਦੀ ਖ਼ਬਰ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਨੌਜਵਾਨ ਮਨਦੀਪ ਸਿੰਘ ਦੇ 2 ਛੋਟੇ-ਛੋਟੇ ਬੱਚੇ ਹਨ ਜਦਕਿ ਉਸਦੇ ਪਿਤਾ ਦੀ ਡੇਢ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਵਿਧਵਾ ਮਾਂ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ ਸੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੀਤੀ ਗਈ ਮੁਆਵਜੇ ਦੀ ਮੰਗ ਕਿਸਾਨ ਮਨਦੀਪ ਸਿੰਘ ਵਲੋਂ ਕਣਕ ਨੂੰ ਅੱਗ ਤੋਂ ਬਚਾਉਂਦਿਆਂ ਹੋਈ ਮੌਤ ਦੀ ਸੂਚਨਾ ਮਿਲਦੇ ਹੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਜਿੱਥੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਇਸ ਦਰਦਨਾਕ ਹਾਦਸੇ ਵਿਚ ਕਿਸਾਨ ਮਨਦੀਪ ਸਿੰਘ ਦੀ ਮੌਤ ਹੋਣਾ ਬਹੁਤ ਮੰਦਭਾਗਾ ਹੈ ਅਤੇ ਉਸਦੇ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪਿੰਡ ਸਲਾਣਾ ਬੇਟ ਵਿਖੇ 2 ਨਾਜ਼ੁਕ ਸਥਾਨ ਹਨ ਜਿੱਥੇ ਸ਼ਾਟ ਸਰਕਟ ਕਾਰਨ ਹਰ ਸਾਲ ਅੱਗ ਲੱਗਦੀ ਹੈ ਜਿਸ ਲਈ ਬਿਜਲੀ ਵਿਭਾਗ ਨੂੰ ਹਾਦਸਿਆਂ ਤੋਂ ਬਚਾਅ ਲਈ ਇੱਥੇ ਤੁਰੰਤ ਢੁੱਕਵੇਂ ਕਦਮ ਉਠਾਉਣੇ ਚਾਹੀਦੇ ਹਨ। ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਮੌਕੇ ’ਤੇ ਪੁੱਜੇ ਕਿਸਾਨ ਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਕਿਸਾਨ ਆਪਣੀ ਫਸਲ ਵੱਲ ਅੱਗ ਨੂੰ ਵਧਦਾ ਦੇਖ ਤੇ ਧੂੰਏ ਕਾਰਨ ਘਬਰਾਹਟ ਵਿਚ ਆ ਗਿਆ ਜਿਸ ਕਾਰਨ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਸਾਰੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਵਲੋਂ ਜੋ ਵੀ ਹਦਾਇਤਾਂ ਆਉਣਗੀਆਂ ਉਸ ਦੇ ਅਧਾਰ ’ਤੇ ਪੀੜ੍ਹਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇਗਾ

JOIN US ON

Telegram
Sponsored Links by Taboola