50 ਸਾਲ ਬਾਅਦ ਇਕ ਵਾਰ ਫਿਰ ਤੋਂ ਚੰਨ 'ਤੇ ਇਨਸਾਨਾਂ ਨੂੰ ਭੇਜਣ ਦੀ ਤਿਆਰੀ
NASA Artemis 1 Moon Mission: ਅੱਜ ਨਾਸਾ ਆਪਣਾ 'ਮੂਨ ਰਾਕੇਟ' ਲਾਂਚ ਕਰ ਰਿਹਾ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਨਾਸਾ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਹੈ। ਇਹ ਨਾਸਾ ਦੇ ਆਰਟੇਮਿਸ ਮਿਸ਼ਨ ਦਾ ਹਿੱਸਾ ਹੈ, ਜਿਸ ਤਹਿਤ 50 ਸਾਲ ਬਾਅਦ ਇਕ ਵਾਰ ਫਿਰ ਤੋਂ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਚੰਦਰਮਾ ਦੇ ਦੁਆਲੇ ਘੁੰਮੇਗਾ ਅਤੇ ਛੇ ਹਫ਼ਤਿਆਂ ਬਾਅਦ ਇਹ ਪ੍ਰਸ਼ਾਂਤ ਮਹਾਸਾਗਰ ਵਿੱਚ ਵਾਪਸ ਆ ਜਾਵੇਗਾ। ਇਹ ਚੰਦਰਮਾ 'ਤੇ ਭਵਿੱਖ ਦੇ ਮਨੁੱਖ ਮਿਸ਼ਨ ਲਈ ਇੱਕ ਟੈਸਟ ਫਲਾਈਟ ਹੈ। ਨਾਸਾ ਨੇ ਕਿਹਾ ਕਿ ਪਹਿਲਾ ਮਨੁੱਖ ਮਿਸ਼ਨ ਆਰਟੇਮਿਸ-3 ਰਾਹੀਂ ਭੇਜਿਆ ਜਾਵੇਗਾ, ਜਿਸ ਵਿਚ ਘੱਟੋ-ਘੱਟ ਇਕ ਔਰਤ ਹੋਵੇਗੀ ਅਤੇ ਇਹ ਸੰਭਵ ਹੈ ਕਿ ਪੁਲਾੜ ਯਾਤਰੀ ਕਾਲੇ ਹੋਣ। ਅਜਿਹੇ ਪੁਲਾੜ ਯਾਤਰੀਆਂ ਦੀ ਗਿਣਤੀ ਇੱਕ ਜਾਂ ਕਈ ਹੋ ਸਕਦੀ ਹੈ। ਇਹ ਰਾਕੇਟ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਅਮਰੀਕਾ ਦੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਪੁਲਾੜ ਵਿੱਚ ਜਾਵੇਗਾ। ਭਾਰਤ ਵਿੱਚ ਉਸ ਸਮੇਂ ਸ਼ਾਮ ਦੇ ਛੇ ਵੱਜੇ ਹੋਣਗੇ।