West Bengal: Cyclone 'Dana' ਦੀ ਉਲਟੀ ਗਿਣਤੀ ਸ਼ੁਰੂ, ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਨਾਲ ਮਚਾਏਗਾ ਕਹਿਰ !
ਚੱਕਰਵਾਤੀ ਤੂਫ਼ਾਨ 'ਦਾਨਾ' ਕਾਰਨ ਪੱਛਮੀ ਬੰਗਾਲ ਅਤੇ ਉੜੀਸਾ ਦੇ ਕਈ ਜ਼ਿਲ੍ਹੇ ਅਲਰਟ 'ਤੇ ਹਨ। ਚੱਕਰਵਾਤੀ ਤੂਫਾਨ ਦਾਨਾ ਫਿਲਹਾਲ ਤੱਟਵਰਤੀ ਉੜੀਸਾ ਵੱਲ ਵਧ ਰਿਹਾ ਹੈ।ਚੱਕਰਵਾਤੀ ਤੂਫ਼ਾਨ 'ਦਾਨਾ' ਕਾਰਨ ਕੋਲਕਾਤਾ ਸਮੇਤ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਚੱਕਰਵਾਤ 'ਦਾਨਾ' ਦੇ ਸੰਭਾਵੀ ਪ੍ਰਭਾਵ ਨੂੰ ਧਿਆਨ ਵਿਚ ਰੱਖਦੇ ਹੋਏ, ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀਰਵਾਰ ਸ਼ਾਮ 6 ਵਜੇ ਤੋਂ 15 ਘੰਟਿਆਂ ਲਈ ਉਡਾਣ ਸੰਚਾਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਕਿ ਪੂਰਬੀ ਅਤੇ ਦੱਖਣ ਪੂਰਬੀ ਰੇਲਵੇ ਨੇ 24 ਅਤੇ 25 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਟਰੇਨਾਂ ਰੱਦ ਕਰ ਦਿੱਤੀਆਂ ਸਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਚੱਕਰਵਾਤ ਸ਼ੁੱਕਰਵਾਰ ਤੜਕੇ ਓਡੀਸ਼ਾ ਦੇ ਭੀਤਰਕਨਿਕਾ ਨੈਸ਼ਨਲ ਪਾਰਕ ਅਤੇ ਧਮਰਾ ਬੰਦਰਗਾਹ ਦੇ ਵਿਚਕਾਰ ਤੱਟ ਨਾਲ ਟਕਰਾ ਸਕਦਾ ਹੈ ਅਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8.30 ਵਜੇ ਚੱਕਰਵਾਤ ਪਾਰਾਦੀਪ ਤੋਂ 520 ਕਿਲੋਮੀਟਰ ਦੱਖਣ-ਪੂਰਬ ਅਤੇ ਸਾਗਰ ਟਾਪੂ ਤੋਂ 600 ਕਿਲੋਮੀਟਰ ਦੱਖਣ-ਪੂਰਬ ਵੱਲ ਸੀ। ਮੌਸਮ ਵਿਭਾਗ ਨੇ 24 ਅਤੇ 25 ਅਕਤੂਬਰ ਨੂੰ ਦੱਖਣੀ ਬੰਗਾਲ ਦੇ ਉੱਤਰੀ ਅਤੇ ਦੱਖਣੀ 24 ਪਰਗਨਾ, ਪੂਰਬੀ ਅਤੇ ਪੱਛਮੀ ਮੇਦਿਨੀਪੁਰ, ਝਾਰਗ੍ਰਾਮ, ਕੋਲਕਾਤਾ, ਹਾਵੜਾ ਅਤੇ ਹੁਗਲੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ 23 ਤੋਂ 25 ਅਕਤੂਬਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 23 ਅਕਤੂਬਰ ਤੋਂ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟਾਂ 'ਤੇ ਹਵਾ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਅਤੇ 24 ਅਕਤੂਬਰ ਦੀ ਰਾਤ ਤੋਂ 25 ਅਕਤੂਬਰ ਦੀ ਸਵੇਰ ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ। .