Amrit Maan On Anti Drug Campaign: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਹਰ ਪਾਸੇ ਸੁਰਖੀਆਂ ਤੇਜ਼ ਹੋ ਗਈਆਂ ਹਨ। ਇਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਦਰਅਸਲ, ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਲਈ ਪੰਜਾਬ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਅਦਾਕਾਰ ਗੱਗੂ ਗਿੱਲ, ਸੋਨੂੰ ਸੂਦ ਤੋਂ ਬਾਅਦ ਗਾਇਕ ਰਣਜੀਤ ਬਾਵਾ ਅਤੇ ਹੁਣ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਣ ਵੀ ਇਸ ਵਿੱਚ ਜੁੜ ਚੁੱਕੇ ਹਨ। ਦਰਅਸਲ, ਸੋਸ਼ਲ ਮੀਡੀਆ ਉੱਪਰ ਅੰਮ੍ਰਿਤ ਮਾਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪੰਜਾਬੀ ਗਾਇਕ ਰੰਗਲਾ ਪੰਜਾਬ ਬਣਾਉਣ ਲਈ ਪੰਜਾਬੀਆਂ ਨੂੰ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕਰ ਰਿਹਾ ਹੈ। ਗਾਇਕ ਨੇ ਕਿਹਾ ਕਿ ਕੁਝ ਅਨਸਰ ਪੰਜਾਬ ਵਿੱਚ ਆ ਕੇ ਨਸ਼ਾ ਵੇਚ ਰਹੇ ਹਨ, ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾ ਰਹੇ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਿੰਡ ਜਾਂ ਗਲੀ ਵਿੱਚ ਕੋਈ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਆ ਗਿਆ ਹੈ, ਤਾਂ ਆਪਾਂ ਸਾਰੇ ਉਸ ਨੂੰ ਇਕੱਠੇ ਹੋ ਕੇ ਨਸ਼ਾ ਛੁਡਵਾਓ ਕੇਂਦਰ ਦੇ ਵਿੱਚ ਭਰਤੀ ਕਰਵਾਈਏ... ਜੇਕਰ ਕੋਈ ਨਸ਼ਾ ਵੇਚ ਰਿਹਾ ਹੈ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਈਏ ਤਾਂ ਜੋ ਉਹ ਆਪਣੀ ਬਣਦੀ ਕਾਰਵਾਈ ਕਰੇ... ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕਈ ਪੰਜਾਬੀ ਸਿਤਾਰਿਆਂ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕੀਤੀ ਗਈ।