ਪੰਜਾਬ 'ਚ ਇਸ ਸਮੇਂ ਮਾਹੌਲ ਚਿੰਤਾਜਨਕ ਬਣਿਆ ਹੋਇਆ ਹੈ। ਹੁਣ ਮੀਂਹ ਤੋਂ ਰਾਹਤ ਹੈ, ਪਰ ਕਈ ਪਿੰਡ ਹੜ੍ਹ ਕਰਕੇ ਤਬਾਹ ਹੋ ਚੁੱਕੇ ਹਨ। ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਅਜਿਹੇ 'ਚ ਅਨਮੋਲ ਕਵਾਤਰਾ ਤੇ ਉਸ ਦੀ ਟੀਮ ਮਸੀਹਾ ਬਣ ਕੇ ਇਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ। ਅਨਮੋਲ ਕਵਾਤਰਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਉਹ ਹੜ੍ਹ ਪੀੜਤਾਂ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਅਤੇ ਦਿਲੋਂ ਅਨਮੋਲ ਲਈ ਬੱਸ ਦੁਆਵਾਂ ਨਿਕਲ ਰਹੀਆਂ ਹਨ। ਤਸਵੀਰਾਂ 'ਚ ਜੋ ਨਜ਼ਾਰਾ ਦਿਖ ਰਿਹਾ ਹੈ। ਉਹ ਸਾਡਾ ਰੰਗਲਾ ਪੰਜਾਬ ਹੀ ਹੈ, ਜੋ ਇਸ ਸਮੇਂ ਪਾਣੀ-ਪਾਣੀ ਹੋਇਆ ਪਿਆ ਹੈ। ਪੰਜਾਬ ਦੇ ਕਈ ਇਲਾਕੇ ਹਾਲੇ ਵੀ ਹੜ੍ਹ ਦੀ ਮਾਰ ਹੇਠ ਹਨ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਨਮੋਲ ਕਵਾਤਰਾ ਤੇ ਉਸ ਦੀ ਟੀਮ ਨੂੰ ਕਿਸ਼ਤੀਆਂ ਦੇ ਸਹਾਰੇ ਪੀੜਤਾਂ ਤੱਕ ਪਹੁੰਚ ਕਰਨੀ ਪੈ ਰਹੀ ਹੈ। ਇਹੀ ਨਹੀਂ ਅਨਮੋਲ ਦਾ ਇਹ ਵੀਡੀਓ ਦੇਖ ਲੋਕ ਉਸ ਦੇ ਸੇਵਾ ਭਾਵ ਤੇ ਸਾਦਗੀ ਦੇ ਦੀਵਾਨੇ ਹੋ ਰਹੇ ਹਨ। ਉਹ ਜਿਸ ਤਰ੍ਹਾਂ ਗਰਾਊਂਡ ਲੈਵਲ 'ਤੇ ਲੋਕਾਂ ਦੀ ਮਦਦ ਕਰ ਰਿਹਾ ਹੈ, ਇਹ ਬੇਹੱਦ ਸ਼ਲਾਘਾਯੋਗ ਹੈ। ਉਹ ਖੁਦ ਸਿਰ 'ਤੇ ਖਾਣੇ ਦੀ ਸਪਲਾਈ ਵਾਲਾ ਬਕਸਾ ਲੈਕੇ ਪਹੁੰਚਿਆ ਅਤੇ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਮੁਹੱਈਆ ਕਰਾਇਆ। ਇਸ ਦੇ ਨਾਲ ਨਾਲ ਇੱਕ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਨਮੋਲ ਆਮ ਲੋਕਾਂ ਦੇ ਨਾਲ ਜ਼ਮੀਨ 'ਤੇ ਬੈਠਾ ਰੋਟੀ ਖਾ ਰਿਹਾ ਹੈ। ਉਸ ਦਾ ਇਹ ਅੰਦਾਜ਼ ਸਭ ਦਾ ਦਿਲ ਜਿੱਤ ਰਿਹਾ ਹੈ। ਪੈਰਾਂ 'ਚ ਚੱਪਲਾਂ ਤੇ ਹੱਥ 'ਚ ਰੋਟੀ ਦੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਨਿਰਸੁਆਰਥ ਮਨ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ।