ਕੇਲਾ ਇੱਕ ਸਦਾਬਹਾਰ ਫਲ ਹੈ ਤੇ ਲੋਕ ਇਸ ਨੂੰ ਬਹੁਤ ਸ਼ੌਕ ਨਾਲ ਖਾਂਦੇ ਹਨ ਪਰ ਜਿਸ ਤਰ੍ਹਾਂ ਕਈ ਫੂਡ ਕੰਬੀਨੇਸ਼ਨ ਸਰੀਰ ਲਈ ਮਾੜੇ ਹੁੰਦੇ ਹਨ, ਉਸੇ ਤਰ੍ਹਾਂ ਕੇਲੇ ਦੇ ਨਾਲ ਵੀ ਕੁਝ ਚੀਜ਼ਾਂ ਦੀ ਵਰਤੋਂ ਨੂੰ ਆਯੁਰਵੇਦ 'ਚ ਸਿਹਤ ਲਈ ਮਾੜਾ ਦੱਸਿਆ ਗਿਆ ਹੈ। ਆਯੁਰਵੇਦ ਇਸ ਬਾਰੇ ਬਹੁਤ ਵਿਸਥਾਰ ਨਾਲ ਦੱਸਦਾ ਹੈ ਕਿ ਕੇਲੇ ਨੂੰ ਖਾਣ ਤੋਂ ਤੁਰੰਤ ਬਾਅਦ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਯੁਰਵੇਦ ਵਿੱਚ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਪੀਣ ਦੀ ਮਨਾਹੀ ਹੈ ਤੇ ਇਹੀ ਗੱਲ ਕੇਲੇ 'ਤੇ ਵੀ ਲਾਗੂ ਹੁੰਦੀ ਹੈ। ਅਸਲ 'ਚ ਕੇਲਾ ਭਾਰਾ ਹੁੰਦਾ ਹੈ ਤੇ ਇਸ ਨੂੰ ਖਾਣ ਤੋਂ ਬਾਅਦ ਪਚਣ 'ਚ ਕਾਫੀ ਸਮਾਂ ਲੱਗਦਾ ਹੈ। ਜੇਕਰ ਤੁਸੀਂ ਇਸ ਨੂੰ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਬਦਹਜ਼ਮੀ, ਗੈਸ, ਪੇਟ ਫੁੱਲਣਾ, ਐਸੀਡਿਟੀ ਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਸਿਰਫ ਪਾਣੀ ਹੀ ਨਹੀਂ, ਕੇਲਾ ਖਾਣ ਦੇ ਇੱਕ ਘੰਟੇ ਬਾਅਦ ਤੱਕ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਨਹੀਂ ਪੀਣਾ ਚਾਹੀਦਾ। ਆਯੁਰਵੇਦ ਕਹਿੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਫ ਦੋਸ਼ ਹੁੰਦਾ ਹੈ, ਉਨ੍ਹਾਂ ਨੂੰ ਦੁੱਧ ਦੇ ਨਾਲ ਕੇਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਤੁਹਾਨੂੰ ਖੰਘ ਦੀ ਸਮੱਸਿਆ ਹੈ, ਤਾਂ ਤੁਹਾਨੂੰ ਕੇਲੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਡੇਅਰੀ ਉਤਪਾਦ ਨਹੀਂ ਲੈਣਾ ਚਾਹੀਦਾ। ਇਸ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਆਯੁਰਵੇਦ ਵਿੱਚ ਵੀ ਕੇਲੇ ਤੇ ਦੁੱਧ ਦੇ ਸੇਵਨ ਨਾਲ ਚਮੜੀ ਦੀ ਐਲਰਜੀ ਦੇ ਉਭਰਨ ਦੀ ਗੱਲ ਕੀਤੀ ਗਈ ਹੈ। ਜੇਕਰ ਤੁਸੀਂ ਰਾਤ ਨੂੰ ਕੇਲਾ ਖਾਂਦੇ ਹੋ ਤਾਂ ਇਸ ਦੇ ਪਾਚਨ 'ਚ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਨੀਂਦ 'ਤੇ ਵੀ ਅਸਰ ਪੈਂਦਾ ਹੈ।