ਅੰਡੇ ਦੇ ਸਿਹਤ ਨੂੰ ਕਈ ਲਾਭ ਹਨ ਪਰ ਫਿਰ ਵੀ ਕੁੱਝ ਲੋਕਾਂ ਦੇ ਮਨ ਵਿੱਚ ਡਰ ਰਹਿੰਦਾ ਹੈ ਕਿ ਜ਼ਿਆਦਾ ਅੰਡੇ ਖਾਣ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ।



ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਜਰਨਲ ਨਿਊਟ੍ਰੀਐਂਟਸ 'ਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅੰਡੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ-ਨਾਲ ਸ਼ੂਗਰ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ, ਜੋ ਦਿਲ ਦੀ ਸਿਹਤ ਲਈ ਚੰਗਾ ਹੈ।



ਇਹ ਅਧਿਐਨ ਬੋਸਟਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤਾ ਗਿਆ ਹੈ। ਇਸ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਹਫ਼ਤੇ ਵਿੱਚ 5 ਜਾਂ ਇਸ ਤੋਂ ਵੱਧ ਅੰਡੇ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।



5 ਜਾਂ ਇਸ ਤੋਂ ਜ਼ਿਆਦਾ ਅੰਡੇ ਖਾਣ ਨਾਲ ਬਲੱਡ ਸ਼ੂਗਰ 'ਚ ਕਮੀ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਘੱਟ ਹੁੰਦਾ ਹੈ ਅਤੇ ਟਾਈਪ 2 ਡਾਇਬਟੀਜ਼ ਦਾ ਖਤਰਾ ਵੀ ਘੱਟ ਹੁੰਦਾ ਹੈ।



ਅਮਰੀਕਨ ਹਾਰਟ ਐਸੋਸੀਏਸ਼ਨ ਮੌਜੂਦਾ ਸਮੇਂ ਵਿੱਚ ਹਰ ਵਿਅਕਤੀ ਨੂੰ ਰੋਜ਼ ਇੱਕ ਜਾਂ ਦੋ ਅੰਡੇ ਦੇ ਸਫ਼ੈਦ ਹਿੱਸੇ ਨੂੰ ਖਾਣ ਦੀ ਸਲਾਹ ਦਿੰਦੀ ਹੈ। ਇਹ ਦਿਲ ਦੀ ਸਿਹਤ ਲਈ ਬਹੁਤ ਸਿਹਤਮੰਦ ਖੁਰਾਕ ਹੈ।



ਐਸੋਸੀਏਸ਼ਨ ਮੁਤਾਬਕ ਆਂਡਾ ਪ੍ਰੋਟੀਨ ਦਾ ਭਰਪੂਰ ਸਰੋਤ ਹੈ ਪਰ ਇਸ 'ਚ ਕਈ ਹੋਰ ਪੌਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ, ਜੋ ਕੋਲੈਸਟ੍ਰਾਲ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਹ ਦਿਲ ਦੀ ਸਿਹਤ ਲਈ ਠੀਕ ਨਹੀਂ ਹੈ।



ਅੰਡੇ ਵਿੱਚ ਭਰਪੂਰ ਪ੍ਰੋਟੀਨ ਹੁੰਦਾ ਹੈ। ਪਰ ਹਰ ਪੋਸ਼ਕ ਤੱਤ ਦੀ ਇੱਕ ਸੀਮਤ ਮਾਤਰਾ ਦੀ ਹੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ।



ਇੱਕ ਆਮ ਤੰਦਰੁਸਤ ਬਾਲਗ ਨੂੰ ਆਪਣੇ ਭਾਰ ਦੇ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ 0.8 ਗ੍ਰਾਮ ਤੋਂ 1 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ।ਇਸ ਨੂੰ ਆਸਾਨ ਸ਼ਬਦਾਂ ਵਿੱਚ ਕਹੀਏ ਤਾਂ ਇੱਕ 60 ਕਿਲੋ ਵਜ਼ਨ ਦੇ ਵਿਅਕਤੀ ਨੂੰ 40 ਤੋਂ 60 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ।