ਨਮਕ ਸੋਡੀਅਮ ਕਲੋਰਾਈਡ (NaCl) ਤੋਂ ਬਣਿਆ ਇੱਕ ਖਣਿਜ ਹੈ। ਇਹ ਆਮ ਤੌਰ 'ਤੇ ਭੋਜਨ ਵਿੱਚ ਇੱਕ ਮਸਾਲੇ ਤੇ ਪ੍ਰੀਜਰਵੇਟਿਵਸ ਵਜੋਂ ਵਰਤਿਆ ਜਾਂਦਾ ਹੈ।



ਇਹ ਸੱਚ ਹੈ ਕਿ ਸਾਡੇ ਸਰੀਰ ਲਈ ਸੀਮਤ ਮਾਤਰਾ ਵਿੱਚ ਲੂਣ ਜ਼ਰੂਰੀ ਹੈ ਕਿਉਂਕਿ ਇਹ ਫਲੂਡ ਬੈਲੰਸ ਤੇ ਨਰਵਸ ਫੰਕਸ਼ਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਨਮਕ ਦਾ ਸੇਵਨ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।



ਕਈ ਖੋਜਾਂ ਮੁਤਾਬਕ ਜ਼ਿਆਦਾ ਨਮਕ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਪੈਦਾ ਕਰਦਾ ਹੈ। ਇਸ ਨਾਲ ਦਿਲ ਦੀ ਬੀਮਾਰੀ ਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ।



ਇਹ ਗੁਰਦੇ ਦੀਆਂ ਸਮੱਸਿਆਵਾਂ, ਹੱਡੀਆਂ ਦੇ ਨੁਕਸਾਨ, ਫਲੂਡ ਰਿਟੈਨਸ਼ਨ ਵਿੱਚ ਵੀ ਯੋਗਦਾਨ ਪਾ ਸਕਦਾ ਹੈ ਤੇ ਸਾਡੀ ਪਿਆਸ ਤੇ ਸੁਆਦ ਦੀ ਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ।



ਜ਼ਿਆਦਾ ਨਮਕ ਦੇ ਸੇਵਨ ਦਾ ਸਭ ਤੋਂ ਵੱਡਾ ਪ੍ਰਭਾਵ ਬਲੱਡ ਪ੍ਰੈਸ਼ਰ ਵਿੱਚ ਵਾਧਾ ਹੁੰਦਾ ਹੈ।



ਨਮਕ ਵਿੱਚ ਸੋਡੀਅਮ ਹੁੰਦਾ ਹੈ ਤੇ ਜਦੋਂ ਅਸੀਂ ਬਹੁਤ ਜ਼ਿਆਦਾ ਸੋਡੀਅਮ ਦਾ ਸੇਵਨ ਕਰਦੇ ਹਾਂ, ਤਾਂ ਸਾਡੇ ਸਰੀਰ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਖੂਨ ਦੀ ਮਾਤਰਾ ਵਧ ਜਾਂਦੀ ਹੈ ਤੇ ਖੂਨ ਦੀਆਂ ਨਾੜੀਆਂ 'ਤੇ ਦਬਾਅ ਪੈਂਦਾ ਹੈ।



ਜ਼ਿਆਦਾ ਨਮਕ ਦੇ ਸੇਵਨ ਨਾਲ ਹੋਣ ਵਾਲੇ ਹਾਈ ਬਲੱਡ ਪ੍ਰੈਸ਼ਰ ਨਾਲ ਦਿਲ ਦੀਆਂ ਬੀਮਾਰੀਆਂ ਜਿਵੇਂ ਕਿ ਦਿਲ ਦਾ ਦੌਰਾ, ਸਟ੍ਰੋਕ ਤੇ ਹਾਰਟ ਫੇਲ੍ਹ ਦਾ ਖਤਰਾ ਵਧ ਸਕਦਾ ਹੈ।



ਸਰੀਰ ਵਿੱਚ ਤਰਲ ਸੰਤੁਲਨ ਬਣਾਈ ਰੱਖਣ ਵਿੱਚ ਗੁਰਦੇ ਵੱਡੀ ਭੂਮਿਕਾ ਨਿਭਾਉਂਦੇ ਹਨ। ਬਹੁਤ ਜ਼ਿਆਦਾ ਨਮਕ ਦਾ ਸੇਵਨ ਗੁਰਦਿਆਂ 'ਤੇ ਦਬਾਅ ਪਾ ਸਕਦਾ ਹੈ ਤੇ ਉਨ੍ਹਾਂ ਦੇ ਕੰਮਕਾਜ ਨੂੰ ਵਿਗਾੜ ਸਕਦਾ ਹੈ, ਜਿਸ ਨਾਲ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੈ।



ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਸਰੀਰ ਦੇ ਕਈ ਹਿੱਸਿਆਂ ਜਿਵੇਂ ਹੱਥਾਂ, ਪੈਰਾਂ ਤੇ ਗਿੱਟਿਆਂ ਵਿੱਚ ਸੋਜ ਹੋ ਜਾਂਦੀ ਹੈ।



ਅਧਿਐਨਾਂ ਨੇ ਦਿਖਾਇਆ ਹੈ ਕਿ ਉੱਚ ਸੋਡੀਅਮ ਵਾਲੀ ਖੁਰਾਕ ਪੇਟ ਦੇ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦੀ ਹੈ, ਸੰਭਵ ਤੌਰ 'ਤੇ ਲੂਣ ਦੇ ਪਾਚਨ ਦੌਰਾਨ ਬਣਦੇ ਕਾਰਸਿਨੋਜਨਿਕ ਮਿਸ਼ਰਣਾਂ ਦੇ ਕਾਰਨ।