ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦਾ ਸਮਾਂ ਸ਼ਾਇਦ ਠੀਕ ਨਹੀਂ ਚੱਲ ਰਿਹਾ ਹੈ। ਪਿਛਲੇ ਸਾਲ ਐਕਟਰ ਨੇ ਇੱਕ ਤੋਂ ਵਧ ਕੇ ਇੱਕ ਫਲਾਪ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ। ਹੁਣ ਅਕਸ਼ੇ ਨਵੇਂ ਵਿਵਾਦ ;ਚ ਫਸਦੇ ਹੋਏ ਨਜ਼ਰ ਆ ਰਹੇ ਹਨ। ਅਕਸ਼ੇ ਕੁਮਾਰ ਦੀ ਇਕ ਵੀਡੀਓ ਨੇ ਹੰਗਾਮਾ ਮਚਾ ਦਿੱਤਾ ਹੈ। ਇਸ ’ਚ ਅਕਸ਼ੇ ਦੁਨੀਆ ਦੇ ਨਕਸ਼ੇ ’ਤੇ ਸੈਰ ਕਰਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਇਸ ਕਲਿੱਪ ਨੂੰ ਨੇੜਿਓਂ ਦੇਖਿਆ, ਜਿਸ ਤੋਂ ਬਾਅਦ ਅਕਸ਼ੇ ਕੁਮਾਰ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਯੂਜ਼ਰਸ ਦਾ ਮੰਨਣਾ ਹੈ ਕਿ ਅਕਸ਼ੇ ਕੁਮਾਰ ਨੇ ਭਾਰਤ ਦੇ ਨਕਸ਼ੇ ’ਤੇ ਪੈਰ ਰੱਖਿਆ ਹੈ। ਅਕਸ਼ੇ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਯੂਜ਼ਰਸ ਨੇ ਇਸ ਨੂੰ ਦੇਸ਼ ਦਾ ਅਪਮਾਨ ਦੱਸਿਆ ਹੈ। ਇਹੀ ਨਹੀਂ ਅਕਸ਼ੇ ਕੁਮਾਰ ਨਾਲ ਸੋਨਮ ਬਾਜਵਾ, ਮੌਨੀ ਰਾਏ, ਨੋਰਾ ਫਤੇਹੀ ਤੇ ਦਿਸ਼ਾ ਪਟਾਨੀ ਵੀ ਨਕਸ਼ੇ 'ਤੇ ਤੁਰਦੀਆਂ ਨਜ਼ਰ ਆ ਰਹੀਆਂ ਹਨ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਇਕ ਏਅਰਲਾਈਨ ਤੇ ਆਪਣੇ ਟੂਰ ਦਾ ਪ੍ਰਚਾਰ ਕਰਦਿਆਂ ਵੀਡੀਓ ਸਾਂਝੀ ਕੀਤੀ ਹੈ। ਕੈਪਸ਼ਨ ’ਚ ਲਿਖਿਆ, ‘‘ਉੱਤਰੀ ਅਮਰੀਕਾ ’ਚ 100 ਫ਼ੀਸਦੀ ਸ਼ੁੱਧ ਦੇਸੀ ਮਨੋਰੰਜਨ ਲਿਆ ਰਹੇ ਹਨ। ਆਪਣੀ ਸੀਟ ਬੈਲਟ ਬੰਨ੍ਹੋ, ਅਸੀਂ ਮਾਰਚ ’ਚ ਆ ਰਹੇ ਹਾਂ।’’ ਅਕਸ਼ੇ ਕੁਮਾਰ ਇਥੇ ਆਪਣੇ ਉੱਤਰੀ ਅਮਰੀਕਾ ਦੌਰੇ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਦੌਰਾ 3 ਮਾਰਚ ਤੋਂ ਸ਼ੁਰੂ ਹੋ ਕੇ 12 ਮਾਰਚ ਤੱਕ ਚੱਲੇਗਾ। ਇਸ ਵੀਡੀਓ ’ਚ ਅਕਸ਼ੇ ਕੁਮਾਰ ਦੇ ਨਾਲ ਨੋਰਾ ਫਤੇਹੀ, ਮੌਨੀ ਰਾਏ, ਦਿਸ਼ਾ ਪਾਟਨੀ ਤੇ ਸੋਨਮ ਬਾਜਵਾ ਵੀ ਨਜ਼ਰ ਆ ਰਹੀਆਂ ਹਨ। ਅਕਸ਼ੇ ਕੁਮਾਰ ਦੀ ਤਰ੍ਹਾਂ ਉਹ ਵੀ ਦੁਨੀਆ ’ਤੇ ਘੁੰਮਦੀਆਂ ਨਜ਼ਰ ਆ ਰਹੀਆਂ ਹਨ ਪਰ ਸਾਰਾ ਰੌਲਾ ਅਕਸ਼ੇ ਕੁਮਾਰ ਦੇ ਦੁਨੀਆ ਭਰ ’ਚ ਘੁੰਮਣ ਨੂੰ ਲੈ ਕੇ ਹੈ। ਅਕਸ਼ੇ ਕੁਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਯੂਜ਼ਰ ਨੇ ਲਿਖਿਆ, ‘‘ਭਾਈ ਘੱਟੋ-ਘੱਟ ਸਾਡੇ ਭਾਰਤ ਦਾ ਕੁਝ ਸਨਮਾਨ ਤਾਂ ਕਰੋ।’’