ਸਰਕਾਰ ਨੇ ਮੱਕੀ (corn) ਤੋਂ ਈਥਾਨੌਲ (Ethanol) ਬਣਾਉਣ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਹੁਣ ਈਥਾਨੋਲ ਨਿਰਮਾਤਾਵਾਂ ਨੂੰ ਸਹਿਕਾਰੀ ਏਜੰਸੀਆਂ ਤੋਂ ਤੈਅ ਦਰਾਂ 'ਤੇ ਮੱਕੀ ਦੀ ਸਪਲਾਈ ਮਿਲੇਗੀ।



ਇੱਕ ਪਾਸੇ, ਇਹ ਬਦਲਾਅ ਇਥਾਨੌਲ ਦੇ ਨਿਰਵਿਘਨ ਉਤਪਾਦਨ ਨੂੰ ਯਕੀਨੀ ਬਣਾਏਗਾ, ਜਦਕਿ ਦੂਜੇ ਪਾਸੇ ਇਹ ਬਾਜ਼ਾਰ ਵਿੱਚ ਖੰਡ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।



ਸਮਾਚਾਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਦੇ ਅਨੁਸਾਰ, ਸਰਕਾਰ ਨੇ ਸਹਿਕਾਰੀ ਏਜੰਸੀਆਂ ਨੈਫੇਡ ਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਨੂੰ ਇਸ ਸਾਲ ਈਥਾਨੌਲ ਬਣਾਉਣ ਲਈ 2,291 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਮੱਕੀ ਦੀ ਸਪਲਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।



ਦੋਵੇਂ ਸਹਿਕਾਰੀ ਏਜੰਸੀਆਂ ਫਸਲੀ ਸਾਲ 2023-24 ਦੌਰਾਨ 2,090 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮੱਕੀ ਦੀ ਖਰੀਦ ਕਰਨਗੀਆਂ ਤੇ



ਇਸ ਨੂੰ ਈਥਾਨੋਲ ਨਿਰਮਾਤਾਵਾਂ ਨੂੰ 2,291 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਸਪਲਾਈ ਕਰਨਗੀਆਂ।



ਵਰਤਮਾਨ ਵਿੱਚ, ਦੇਸ਼ ਵਿੱਚ ਗੰਨੇ ਦੀ ਵਰਤੋਂ ਮੁੱਖ ਤੌਰ 'ਤੇ ਈਥਾਨੌਲ ਬਣਾਉਣ ਵਿੱਚ ਕੀਤੀ ਜਾਂਦੀ ਹੈ। ਖੰਡ ਵੀ ਗੰਨੇ ਤੋਂ ਬਣਦੀ ਹੈ।



ਹਾਲ ਹੀ 'ਚ ਖੰਡ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਸੀ। ਇਸ ਦਾ ਮੁੱਖ ਕਾਰਨ ਬਾਜ਼ਾਰ 'ਚ ਮੰਗ ਦੇ ਮੁਕਾਬਲੇ ਖੰਡ ਦੀ ਘੱਟ ਸਪਲਾਈ ਸੀ।



ਉਸ ਤੋਂ ਬਾਅਦ ਸਰਕਾਰ ਨੇ ਖੰਡ ਮਿੱਲਾਂ ਨੂੰ ਈਥਾਨੌਲ ਬਣਾਉਣ ਵਿੱਚ ਗੰਨੇ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।



ਮਾਰਕੀਟਿੰਗ ਸਾਲ 2023-24 (ਅਕਤੂਬਰ 2023 ਤੋਂ ਸਤੰਬਰ 2024) ਦੌਰਾਨ ਦੇਸ਼ ਦੇ ਖੰਡ ਉਤਪਾਦਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਜਿਹੇ 'ਚ ਸਰਕਾਰ ਸਾਵਧਾਨੀ ਦੇ ਕਦਮ ਚੁੱਕ ਰਹੀ ਹੈ।



ਖੰਡ ਉਤਪਾਦਨ ਲਈ ਗੰਨੇ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਸਰਕਾਰ ਇੱਕ ਵਿਕਲਪ ਵਜੋਂ ਮੱਕੀ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹੀ ਕਾਰਨ ਹੈ ਕਿ ਸਰਕਾਰ ਨੇ ਹਾਲ ਹੀ ਵਿੱਚ ਮੱਕੀ ਦੀ ਸਪਲਾਈ ਵਿੱਚ ਬਦਲਾਅ ਕੀਤਾ ਹੈ।