ਸਰਕਾਰੀ ਤੇਲ ਅਤੇ ਗੈਸ ਕੰਪਨੀਆਂ (Government oil and gas companies) ਨੇ ਲੋਕਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ (festival holi) ਤੋਂ ਪਹਿਲਾਂ ਵੱਡਾ ਝਟਕਾ ਦਿੱਤਾ ਹੈ। ਕੰਪਨੀਆਂ ਨੇ ਅੱਜ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੀਮਤ ਵਿੱਚ ਇਹ ਵਾਧਾ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਲਈ ਕੀਤਾ ਗਿਆ ਹੈ, ਜੋ ਕਿ ਮਹੀਨੇ ਦੀ ਪਹਿਲੀ ਭਾਵ ਅੱਜ ਸ਼ੁੱਕਰਵਾਰ ਤੋਂ ਲਾਗੂ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOC), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਧਾ ਦਿੱਤੀ ਹੈ। ਵੱਖ-ਵੱਖ ਸ਼ਹਿਰਾਂ 'ਚ ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 25.50 ਰੁਪਏ ਮਹਿੰਗੀ ਹੋ ਗਈ ਹੈ, ਜਦਕਿ 14 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਇਹ ਲਗਾਤਾਰ ਦੂਜਾ ਵਾਧਾ ਹੈ। ਸਾਲ 2024 ਵਿੱਚ ਹੁਣ ਤੱਕ 19 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਅਤੇ ਗੈਸ ਕੰਪਨੀਆਂ ਨੇ ਕੀਮਤਾਂ ਵਿੱਚ ਇਸ ਵਾਧੇ ਦਾ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਇਸ ਮਹੀਨੇ ਹੋਲੀ ਦਾ ਤਿਉਹਾਰ ਪੈ ਰਿਹਾ ਹੈ। ਰੰਗਾਂ ਦਾ ਤਿਉਹਾਰ ਹੋਲੀ ਦੇਸ਼ ਭਰ ਵਿੱਚ 24-25 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਵਾਧੇ ਤੋਂ ਬਾਅਦ ਦਿੱਲੀ 'ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1,795.00 ਰੁਪਏ ਹੋ ਗਈ ਹੈ। ਪਹਿਲਾਂ ਇਹ 1,769.50 ਰੁਪਏ ਵਿੱਚ ਉਪਲਬਧ ਸੀ। ਇਸ ਤਰ੍ਹਾਂ ਦਿੱਲੀ 'ਚ ਕੀਮਤ 25.50 ਰੁਪਏ ਵਧ ਗਈ ਹੈ। ਮੁੰਬਈ 'ਚ 19 ਕਿਲੋ ਦੇ ਸਿਲੰਡਰ ਦੀ ਕੀਮਤ ਹੁਣ 1723.50 ਰੁਪਏ ਤੋਂ ਵਧ ਕੇ 1749 ਰੁਪਏ ਹੋ ਗਈ ਹੈ। ਹੁਣ ਇਹ ਸਿਲੰਡਰ ਕੋਲਕਾਤਾ 'ਚ 1911 ਰੁਪਏ 'ਚ ਮਿਲੇਗਾ, ਜੋ ਪਹਿਲਾਂ 1887 ਰੁਪਏ 'ਚ ਮਿਲਦਾ ਸੀ। ਚਾਰ ਵੱਡੇ ਸ਼ਹਿਰਾਂ ਵਿੱਚੋਂ, ਵਪਾਰਕ ਸਿਲੰਡਰ ਚੇਨਈ ਵਿੱਚ ਸਭ ਤੋਂ ਮਹਿੰਗੇ ਹਨ। ਚੇਨਈ 'ਚ ਕੀਮਤ ਹੁਣ 1937 ਰੁਪਏ ਤੋਂ ਵਧ ਕੇ 1960.50 ਰੁਪਏ ਹੋ ਗਈ ਹੈ।