ਸੋਨੇ ਦੀਆਂ ਕੀਮਤਾਂ ਇੱਕ ਨਵੀਂ ਇਤਿਹਾਸਕ ਉੱਚਾਈ 'ਤੇ ਪਹੁੰਚ ਗਈਆਂ ਹਨ। ਦਿੱਲੀ ਐੱਨਸੀਆਰ ਦੇ ਸਰਾਫਾ ਬਾਜ਼ਾਰ 'ਚ ਸੋਨਾ ਇੱਕ ਕਾਰੋਬਾਰੀ ਸੈਸ਼ਨ 'ਚ 1130 ਰੁਪਏ ਦੀ ਛਾਲ ਨਾਲ 67,450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 66,320 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ 2024 'ਚ ਸੋਨਾ 70,000 ਰੁਪਏ ਦੀ ਰਿਕਾਰਡ ਉਚਾਈ ਨੂੰ ਛੂਹ ਸਕਦਾ ਹੈ। HDFC ਸਕਿਓਰਿਟੀਜ਼ ਦੇ ਮੁਤਾਬਕ ਮਜ਼ਬੂਤ ਗਲੋਬਲ ਸੰਕੇਤਾਂ ਕਾਰਨ ਸੋਨੇ ਦੀ ਕੀਮਤ 'ਚ ਤੇਜ਼ੀ ਆਈ ਹੈ। ਇਨ੍ਹਾਂ ਸੰਕੇਤਾਂ ਕਾਰਨ ਸੋਨੇ ਦੀ ਕੀਮਤ 1130 ਰੁਪਏ ਵਧ ਕੇ 67,450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ। ਚਾਂਦੀ ਦੀ ਕੀਮਤ ਵੀ 1,100 ਰੁਪਏ ਵਧ ਕੇ 77,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਦੀ ਕੀਮਤ 76,650 ਰੁਪਏ ਪ੍ਰਤੀ ਕਿਲੋਗ੍ਰਾਮ ਸੀ। HDFC ਸਕਿਓਰਿਟੀਜ਼ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ, ਦਿੱਲੀ ਦੇ ਬਾਜ਼ਾਰਾਂ 'ਚ 24 ਕੈਰੇਟ ਸੋਨੇ ਦੀ ਸਪਾਟ ਕੀਮਤ 67,450 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ, ਜੋ ਪਿਛਲੀ ਬੰਦ ਕੀਮਤ ਤੋਂ 1,130 ਰੁਪਏ ਵੱਧ ਹੈ। ਉਨ੍ਹਾਂ ਕਿਹਾ ਕਿ ਕੋਮੈਕਸ 'ਤੇ ਸੋਨੇ ਦੀਆਂ ਸਪਾਟ ਕੀਮਤਾਂ ਨੂੰ ਵਧਦੇ ਭੂ-ਰਾਜਨੀਤਿਕ ਜੋਖਮਾਂ ਅਤੇ ਕੇਂਦਰੀ ਬੈਂਕਾਂ ਦੁਆਰਾ ਖਰੀਦਦਾਰੀ ਦਾ ਸਮਰਥਨ ਮਿਲਿਆ ਹੈ। ਅੰਤਰਰਾਸ਼ਟਰੀ ਕਮੋਡਿਟੀ ਬਜ਼ਾਰ ਕਾਮੈਕਸ 'ਤੇ ਸੋਨਾ 2,202 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੀ ਬੰਦ ਕੀਮਤ ਤੋਂ 48 ਡਾਲਰ ਦਾ ਵਾਧਾ ਹੈ। ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ ਅਤੇ ਇਹ 25.51 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਪਿਛਲੇ ਸੈਸ਼ਨ 'ਚ ਇਹ 24.84 ਡਾਲਰ ਪ੍ਰਤੀ ਔਂਸ 'ਤੇ ਸੀ। ਕਾਮਾ ਜਵੈਲਰੀ ਦੇ ਐਮਡੀ ਕੋਲਿਨ ਸ਼ਾਹ ਨੇ ਕਿਹਾ, ਯੂਐਸ ਫੈਡਰਲ ਰਿਜ਼ਰਵ ਨੇ ਇਸ ਸਾਲ ਦੇ ਅੰਤ ਤੱਕ ਵਿਆਜ ਦਰਾਂ ਵਿੱਚ ਤਿੰਨ ਵਾਰ ਕਟੌਤੀ ਕਰਨ ਦਾ ਸੰਕੇਤ ਦਿੱਤਾ ਹੈ, ਜਿਸ ਕਾਰਨ ਘਰੇਲੂ ਬਾਜ਼ਾਰ ਵਿੱਚ ਸੋਨਾ ਨਵੀਂ ਉਚਾਈ 'ਤੇ ਪਹੁੰਚ ਗਿਆ ਹੈ। ਇਸ ਰਿਕਾਰਡ ਵਾਧੇ ਤੋਂ ਬਾਅਦ ਨਿਵੇਸ਼ਕਾਂ ਦਾ ਧਿਆਨ ਸੋਨੇ 'ਚ ਨਿਵੇਸ਼ ਕਰਨ ਵੱਲ ਆਕਰਸ਼ਿਤ ਹੋਵੇਗਾ, ਜਿਸ ਕਾਰਨ ਨਿਵੇਸ਼ਕਾਂ ਨੂੰ ਭਰੋਸਾ ਹੈ ਕਿ ਇਸ ਸਾਲ ਸੋਨਾ 70,000 ਰੁਪਏ ਦਾ ਅੰਕੜਾ ਪਾਰ ਕਰ ਸਕਦਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ 'ਤੇ ਦਬਾਅ ਪਾ ਸਕਦੀ ਹੈ।