ਸਕੂਲੀ ਬੱਚਿਆਂ ਦੀ ਗੈਜੇਟਸ 'ਤੇ ਜ਼ਿਆਦਾ ਸਮਾਂ ਬਿਤਾਉਣ ਦੀ ਆਦਤ ਪੂਰੀ ਦੁਨੀਆ ਦੇ ਮਾਪਿਆਂ ਦੀ ਚਿੰਤਾ ਵਧਾ ਰਹੀ ਹੈ।



ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਤਾਜ਼ਾ ਸਰਵੇਖਣ 'ਚ ਸਕਰੀਨ ਟਾਈਮ ਵਧਣ ਦਾ ਬੱਚਿਆਂ ਦੇ ਰਵੱਈਏ 'ਤੇ ਅਸਰ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਤੇ ਵੀਡੀਓ ਗੇਮਾਂ ਦੀ ਆਦਤ ਬੱਚਿਆਂ ਦਾ ਮਿਜਾਜ਼ ਵਿਗਾੜ ਰਹੀ ਹੈ।



ਸੀਐਸ ਮੋਟ ਚਿਲਡਰਨ ਹਸਪਤਾਲ ਵੱਲੋਂ ਬੱਚਿਆਂ ਦੀ ਸਿਹਤ 'ਤੇ ਕੀਤੇ ਗਏ ਰਾਸ਼ਟਰੀ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਧੇ ਤੋਂ ਵੱਧ ਮਾਪੇ ਆਪਣੇ ਬੱਚਿਆਂ ਤੇ ਕਿਸ਼ੋਰਾਂ ਦੀ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ।



ਅਮਰੀਕਾ 'ਚ ਬੱਚਿਆਂ ਵੱਲੋਂ ਜ਼ਿਆਦਾ ਤਕਨੀਕ ਦੀ ਵਰਤੋਂ ਕਾਰਨ ਮੋਟਾਪੇ ਦੀ ਸਮੱਸਿਆ ਵਧਦੀ ਜਾ ਰਹੀ ਹੈ।



ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ, ਐਮਡੀ ਤੇ ਐਮਪੀਐਚ, ਸੂਜ਼ਨ ਵੁੱਡਫੋਰਡ ਨੇ ਦੱਸਿਆ ਕਿ ਮਾਪੇ ਆਪਣੇ ਬੱਚਿਆਂ 'ਤੇ ਜੰਕ ਫੂਡ ਤੇ ਮੋਟਾਪੇ ਦੇ ਮਾੜੇ ਪ੍ਰਭਾਵਾਂ ਤੋਂ ਚਿੰਤਤ ਹਨ, ਪਰ ਮਾਨਸਿਕ ਸਿਹਤ, ਸੋਸ਼ਲ ਮੀਡੀਆ ਤੇ ਸਕ੍ਰੀਨ ਟਾਈਮ ਇਨ੍ਹਾਂ ਸਮੱਸਿਆਵਾਂ 'ਤੇ ਹਾਵੀ ਹੈ।



ਫਰਵਰੀ ਵਿੱਚ ਕਰਵਾਏ ਗਏ ਇਸ ਸਰਵੇਖਣ ਨੂੰ 2099 ਮਾਪਿਆਂ ਤੋਂ ਜਵਾਬ ਮਿਲਿਆ, ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਚਿੰਤਾ ਪ੍ਰਗਟਾਈ।



ਵੁੱਡਫੋਰਡ ਮੁਤਾਬਕ ਮਾਪੇ ਬੱਚਿਆਂ ਨੂੰ ਗੈਜੇਟਸ 'ਤੇ ਜ਼ਿਆਦਾ ਸਮਾਂ ਬਿਤਾਉਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਨਾ ਪਵੇ।



ਭਾਰਤੀ ਬੱਚੇ ਵੀ ਸੋਸ਼ਲ ਮੀਡੀਆ ਤੇ ਇੰਟਰਨੈੱਟ 'ਤੇ ਸਮਾਂ ਬਿਤਾਉਣ 'ਚ ਕਾਫੀ ਅੱਗੇ ਹਨ। 2022 ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਭਾਰਤ ਵਿੱਚ 9 ਤੋਂ 13 ਸਾਲ ਦੀ ਉਮਰ ਦੇ ਬੱਚੇ ਸੋਸ਼ਲ ਮੀਡੀਆ, ਵੀਡੀਓ ਤੇ ਵੀਡੀਓ ਗੇਮਾਂ 'ਤੇ ਦਿਨ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹਨ। ਇਹ ਸਿਹਤ ਲਈ ਘਾਤਕ ਹੈ।



ਸਰਵੇਖਣ ਮੁਤਾਬਕ ਜ਼ਿਆਦਾਤਰ ਮਾਪੇ ਬੱਚਿਆਂ ਦੇ ਜ਼ਿਆਦਾ ਸਕਰੀਨ ਟਾਈਮ ਨੂੰ ਲੈ ਕੇ ਚਿੰਤਤ ਹਨ



ਤੇ ਉਨ੍ਹਾਂ ਨੇ ਇਸ ਵਿਸ਼ੇ ਨੂੰ ਸਿਹਤ ਸਮੱਸਿਆਵਾਂ ਨਾਲ ਸਬੰਧਤ ਸੂਚੀ ਵਿੱਚ ਪਹਿਲੇ ਤੇ ਦੂਜੇ ਸਥਾਨ 'ਤੇ ਰੱਖਿਆ ਹੈ। ਸਰਵੇਖਣ ਵਿੱਚ ਮਾਪਿਆਂ ਨੇ ਸਕੂਲ ਵਿੱਚ ਹਿੰਸਾ ਜਾਂ ਲੜਾਈ ਦੀਆਂ ਘਟਨਾਵਾਂ ਬਾਰੇ ਵੀ ਚਿੰਤਾ ਪ੍ਰਗਟਾਈ।