ਪੰਜਾਬ ਵਿੱਚ ਝੋਨੇ ਦੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਇਸ ਸਾਲ 182 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਜਤਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਕਿਸਾਨਾਂ ਕੋਲ ਨਹਿਰੀ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਲੇ ਸਾਲ ਝੋਨੇ ਦੇ ਸੀਜ਼ਨ ’ਚ 70% ਤੋਂ 75% ਤੱਕ ਕੱਸੀਆਂ ਦਾ ਪਾਣੀ ਕਿਸਾਨਾਂ ਕੋਲ ਪਹੁੰਚਾਇਆ ਜਾਵੇਗਾ। ਸੀਐਮ ਭਗਵੰਤ ਮਾਨ ਨੇ ਇਹ ਦਾਅਵਾ ਸੋਮਵਾਰ ਨੂੰ ਪਟਿਆਲਾ ਵਿੱਚ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਸੀਐਮ ਮਾਨ ਨੇ ਟਵੀਟ ਕੀਤਾ...ਬਹੁਤ ਸਾਲਾਂ ਤੋਂ ਬੰਦ ਪਈਆਂ ਕੱਸੀਆਂ ਨੂੰ ਅਸੀਂ ਮੁੜ ਸ਼ੁਰੂ ਕਰਨ ਜਾ ਰਹੇ ਹਾਂ…ਹੁਣ ਪਾਈਪਾਂ ਪਾਉਣ ਦਾ ਕੰਮ ਚੱਲ ਰਿਹੈ…ਸਾਡਾ ਮਕਸਦ ਪੰਜਾਬ ਦੀ ਧਰਤੀ ਦੇ ਪਾਣੀ ਨੂੰ ਬਚਾਉਣਾ ਹੈ…ਅਗਲੇ ਸਾਲ ਝੋਨੇ ਦੇ ਸੀਜ਼ਨ ’ਚ ਅਸੀਂ 70% ਤੋਂ 75% ਤੱਕ ਕੱਸੀਆਂ ਦਾ ਪਾਣੀ ਕਿਸਾਨਾਂ ਕੋਲ ਪਹੁੰਚਾ ਕੇ ਰਹਾਂਗੇ… ਉਨ੍ਹਾਂ ਨੇ ਕਿਹਾ ਕਿ ਅਸੀਂ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ। ਅਸੀਂ ਉਨ੍ਹਾਂ ਦੇ ਕਾਰੋਬਾਰ ਸ਼ੁਰੂ ਕਰਾਉਣਾ ਚਾਹੁੰਦੇ ਹਾਂ। ਅਸੀਂ ਸਾਡੇ ਨੌਜਵਾਨਾਂ ਨੂੰ 30-35 ਸਵਾਰੀਆਂ ਵਾਲੀਆਂ ਬੱਸਾਂ ਦੇਵਾਂਗੇ ਜੋ 7-8 ਪਿੰਡਾਂ ਦੇ ਰੂਟਾਂ ਮੁਤਾਬਕ ਉਨ੍ਹਾਂ ਨੂੰ ਸ਼ਹਿਰਾਂ ਨਾਲ਼ ਜੋੜਿਆ ਕਰਨਗੀਆਂ। ਸਰਕਾਰ ਨੌਜਵਾਨਾਂ ਨੂੰ ਬਿਨਾਂ ਵਿਆਜ ਦੇ ਪੈਸੇ ਦੇ ਕੇ ਬੱਸਾਂ ਦੇਵੇਗੀ, ਜਦੋਂ ਕਮਾ ਲੈਣਗੇ ਵਾਪਸ ਕਰ ਦੇਣ...ਬੱਸਾਂ ਉਨ੍ਹਾਂ ਦੀਆਂ ਹੋ ਜਾਣਗੀਆਂ। ਮਾਨ ਸਰਕਾਰ ਜੋ ਕਿ ਲਗਾਤਾਰ ਲੋਕ ਹਿੱਤ ਦੇ ਲਈ ਨਵੇਂ ਅਤੇ ਵੱਖਰੇ ਉਪਰਾਲੇ ਕਰ ਰਹੀ ਹੈ। ਜਿਸ ਦੇ ਚੱਲਦੇ 2 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਨਵੇਂ ਆਈਸੀਯੂ ਅਤੇ ਐੱਨਆਈਸੀਯੂ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 550 ਕਰੋੜ ਰੁਪਏ ਦੀ ਲਾਗਤ ਨਾਲ ਸਿਹਤਮੰਦ ਪੰਜਾਬ ਮਿਸ਼ਨ ਦੀ ਰਸਮੀ ਸ਼ੁਰੂਆਤ ਮੌਕੇ ਹੋਈ ਰੈਲੀ ਦੌਰਾਨ ਲੋਕਾਂ ਦਾ ਅਥਾਹ ਇਕੱਠ ਦੇਖਿਆ ਗਿਆ।