Olive Oil: ਜੈਤੂਨ ਦੇ ਤੇਲ ਨੂੰ ਬਹੁਤ ਹੈਲਦੀ ਮੰਨਿਆ ਜਾਂਦਾ ਹੈ। ਇਸ ਨੂੰ ਦਿਲ ਦੇ ਰੋਗਾਂ ਲਈ ਰਾਮਬਾਣ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਹਰ ਘਰ ਵਿੱਚ ਸਰ੍ਹੋਂ ਦਾ ਤੇਲ ਜਾਂ ਰਿਫਾਇੰਡ ਤੇਲ ਵਰਤਿਆ ਜਾ ਰਿਹਾ ਹੈ।



ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਤੇਲ ਦਾ ਜ਼ਿਆਦਾ ਸੇਵਨ ਉੱਚ ਕੋਲੈਸਟ੍ਰੋਲ, ਟ੍ਰਾਈਗਲਿਸਰਾਈਡ, ਫੈਟੀ ਐਸਿਡ ਤੇ ਮੋਟਾਪੇ ਦਾ ਕਾਰਨ ਬਣ ਸਕਦਾ ਹੈ।



ਇਸੇ ਲਈ ਮਾਹਿਰ ਇਨ੍ਹਾਂ ਤੇਲਾਂ ਦੀ ਬਜਾਏ ਜੈਤੂਨ ਦੇ ਤੇਲ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ ਪਰ ਹੁਣ ਇੱਕ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਜੈਤੂਨ ਦੇ ਤੇਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋ ਸਕਦੀ ਹੈ। ਆਓ ਜਾਣਦੇ ਹਾਂ ਖੋਜ ਕੀ ਕਹਿੰਦੀ...



ਅਸਲ ਵਿੱਚ ਪੱਛਮੀ ਦੇਸ਼ਾਂ ਵਿੱਚ ਜੈਤੂਨ ਦਾ ਤੇਲ ਜ਼ਿਆਦਾ ਵਰਤਿਆ ਜਾਂਦਾ ਸੀ। ਇਨ੍ਹਾਂ ਦੇਸ਼ਾਂ ਵਿੱਚ ਜ਼ਿਆਦਾਤਰ ਚੀਜ਼ਾਂ ਬੇਕਿੰਗ, ਰੋਸਟਿੰਗ, ਸਟੀਮਿੰਗ ਤੇ ਸਾਟਿੰਗ ਰਾਹੀਂ ਬਣਾਈਆਂ ਜਾੰਦੀਆਂ ਹਨ। ਇਸ ਲਈ ਤੇਲ ਨੂੰ ਜ਼ਿਆਦਾ ਗਰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਪਰ ਭਾਰਤ ਵਿੱਚ ਸਥਿਤੀ ਵੱਖਰੀ ਹੈ।



ਇੱਥੇ ਖਾਣਾ ਬਣਾਉਣ ਦਾ ਇੱਕ ਵੱਖਰਾ ਤਰੀਕਾ ਹੈ। ਤੜਕਾ ਲਾਉਣ ਤੇ ਪਕੌੜਿਆਂ ਨੂੰ ਤਲ਼ਣ ਵਰਗੀਆਂ ਚੀਜ਼ਾਂ ਲਈ ਤੇਲ ਬਹੁਤ ਗਰਮ ਪਕਾਇਆ ਜਾਂਦਾ ਹੈ। ਜੈਤੂਨ ਦੇ ਤੇਲ ਦਾ ਸਮੋਕ ਪੁਆਇੰਟ ਸਰ੍ਹੋਂ ਦੇ ਤੇਲ, ਨਾਰੀਅਲ ਤੇਲ ਜਾਂ ਘਿਓ ਨਾਲੋਂ ਬਹੁਤ ਘੱਟ ਹੁੰਦਾ ਹੈ। ਇਸ ਕਾਰਨ ਇਹ ਜਲਦੀ ਗਰਮ ਹੋ ਕੇ ਧੂੰਆਂ ਛੱਡ ਦਿੰਦਾ ਹੈ।



ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੀ ਇੱਕ ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਜਦੋਂ ਤੇਲ ਨੂੰ ਕਈ ਵਾਰ ਗਰਮ ਕੀਤਾ ਜਾਂਦਾ ਹੈ ਜਾਂ ਸਮੋਕਿੰਗ ਪੁਆਇੰਟ ਤੋਂ ਅੱਗੇ ਗਰਮ ਕੀਤਾ ਜਾਂਦਾ ਹੈ, ਤਾਂ ਇਸ ਦੀ ਫੈਟ ਟੁੱਟਣ ਲੱਗਦੀ ਹੈ। ਇਸ ਕਾਰਨ ਤੇਲ 'ਚ ਕੈਂਸਰ ਪੈਦਾ ਕਰਨ ਵਾਲਾ ਖਤਰਨਾਕ ਤੱਤ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ।



ਜੈਤੂਨ ਦੇ ਤੇਲ ਦੀ ਵਰਤੋਂ ਤੜਕਾ ਲਾਉਣ, ਭਟੂਰੇ ਤਲਣ, ਪਕੌੜੇ ਬਣਾਉਣ, ਪੂਰੀਆਂ, ਸਮੋਸੇ, ਫਰੈਂਚ ਫਰਾਈ ਤੇ ਚਿਕਨ ਫਰਾਈ ਵਰਗੇ ਭੋਜਨਾਂ ਵਿੱਚ ਕਦੇ ਵੀ ਨਹੀਂ ਕੀਤੀ ਜਾਣੀ ਚਾਹੀਦੀ।



ਇਨ੍ਹਾਂ ਚੀਜ਼ਾਂ 'ਚ ਜੈਤੂਨ ਦੇ ਤੇਲ ਦੀ ਵਰਤੋਂ ਖਤਰਨਾਕ ਤੇ ਨੁਕਸਾਨਦੇਹ ਹੋ ਸਕਦੀ ਹੈ।