ਦਹੀਂ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਚਨ ਸ਼ਕਤੀ ਵਧਾਉਣ ਦੇ ਨਾਲ-ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ। ਪ੍ਰੋਬਾਇਓਟਿਕ ਗੁਣਾਂ ਨਾਲ ਭਰਪੂਰ ਇਸ ਭੋਜਨ 'ਚ ਕੈਲਸ਼ੀਅਮ ਵੀ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ2, ਵਿਟਾਮਿਨ ਬੀ12, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਪ੍ਰੋਟੀਨ ਵੀ ਭਰਪੂਰ ਹੁੰਦਾ ਹੈ, ਜਿਸ ਕਾਰਨ ਇਸ ਨੂੰ ਸੁਪਰਫੂਡ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਂਦਾ ਹੈ। ਦਰਅਸਲ ਖਾਣੇ ਨਾਲ ਦਹੀਂ ਖਾਣਾ ਲਗਪਗ ਹਰ ਭਾਰਤੀ ਘਰ ਵਿੱਚ ਇੱਕ ਆਮ ਗੱਲ ਹੈ ਪਰ ਸਿਹਤ ਮਾਹਿਰ ਦਹੀਂ ਖਾਣ ਨਾਲ ਜੁੜੀਆਂ ਕੁਝ ਆਮ ਗਲਤੀਆਂ ਬਾਰੇ ਚੇਤਾਵਨੀ ਵੀ ਦਿੰਦੇ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ। ਰਾਤ ਨੂੰ ਦਹੀਂ ਖਾਣ ਨਾਲ ਸਰੀਰ ਵਿੱਚ ਆਲਸ ਵਧ ਸਕਦਾ ਹੈ। ਅਜਿਹਾ ਬਲਗ਼ਮ ਬਣਨ ਨਾਲ ਹੁੰਦਾ ਹੈ। ਆਯੁਰਵੇਦ ਅਨੁਸਾਰ, ਦਹੀਂ ਦੇ ਮਿੱਠੇ ਤੇ ਤਿੱਖੇ ਗੁਣ ਬਲਗ਼ਮ ਪੈਦਾ ਕਰਦੇ ਹਨ। ਇਸ ਨਾਲ ਸਾਹ ਦੀ ਸਮੱਸਿਆ ਵਧਦੀ ਹੈ। ਨੱਕ ਬੰਦ ਹੋ ਸਕਦਾ ਹੈ ਗਠੀਏ ਦੀ ਸਮੱਸਿਆ ਵਧਦੀ ਹੈ ਤੇ ਸੋਜ ਦਾ ਕਾਰਨ ਵੀ ਬਣ ਸਕਦਾ ਹੈ। ਦਹੀਂ 'ਚ ਹਮੇਸ਼ਾ ਚੀਨੀ, ਸ਼ਹਿਦ, ਗੁੜ ਜਾਂ ਮਸਾਲੇ ਜਿਵੇਂ ਨਮਕ, ਕਾਲੀ ਮਿਰਚ, ਜੀਰਾ ਪਾਊਡਰ ਮਿਲਾਉਣਾ ਚਾਹੀਦਾ ਹੈ। ਇਹ ਦਹੀਂ ਦੀ ਪ੍ਰਭਾਵਸ਼ੀਲਤਾ ਨੂੰ ਸੁਧਾਰਦਾ ਹੈ ਤੇ ਬਲਗ਼ਮ ਦੇ ਨਿਰਮਾਣ ਨੂੰ ਘਟਾਉਂਦਾ ਹੈ। ਬਹੁਤ ਸਾਰੇ ਲੋਕ ਰੋਜ਼ਾਨਾ ਭੋਜਨ ਨਾਲ ਦਹੀਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ, ਪਰ ਮਾਹਿਰ ਸਾਲ ਦੇ ਕੁਝ ਮਹੀਨਿਆਂ ਦੌਰਾਨ ਦਹੀਂ ਖਾਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੰਦੇ ਹਨ। ਇਸ ਮੌਸਮ ਵਿੱਚ ਦਹੀਂ ਸਮੁੱਚੀ ਸਿਹਤ ਤੇ ਪਾਚਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਯੁਰਵੇਦ ਅਨੁਸਾਰ, ਬਸੰਤ, ਪਤਝੜ ਤੇ ਸਰਦੀਆਂ ਦੇ ਮੌਸਮ ਵਿੱਚ ਦਹੀਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਲਗ਼ਮ ਦੇ ਨਿਰਮਾਣ ਨੂੰ ਵਧਾ ਸਕਦਾ ਹੈ। ਆਯੁਰਵੇਦ ਅਨੁਸਾਰ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ ਜਦਕਿ ਪਿਆਜ਼ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਜੇਕਰ ਦੋਵਾਂ ਦਾ ਇਕੱਠੇ ਇਸਤੇਮਾਲ ਕੀਤਾ ਜਾਵੇ ਤਾਂ ਐਲਰਜੀ ਹੋ ਸਕਦੀ ਹੈ। ਅਜਿਹਾ ਕਰਨ ਨਾਲ ਸਰੀਰ 'ਤੇ ਧੱਫੜ, ਚੰਬਲ, ਗੈਸ, ਐਸੀਡਿਟੀ, ਉਲਟੀ ਹੋ ਸਕਦੀ ਹੈ।