ਆਧੁਨਿਕ ਸੰਸਾਰ ਵਿੱਚ ਹੀ ਨਹੀਂ ਬਲਕਿ ਰਾਜਿਆਂ-ਮਹਾਰਾਜਿਆਂ ਦੇ ਸਮੇਂ ਤੋਂ ਹੀ ਸ਼ਰਾਬ ਪੀਤੀ ਜਾ ਰਹੀ ਹੈ। ਅੱਜ ਦੇ ਮਾਹੌਲ ਵਿੱਚ ਵੀ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਪਰ ਇੱਕ ਰਿਪੋਰਟ ਵਿੱਚ ਅਹਿਮ ਖੁਲਾਸਾ ਹੋਇਆ ਹੈ ਕਿ ਆਖਰ ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀਣੀ ਚਾਹੀਦੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਕਿੰਨੀ ਸ਼ਰਾਬ ਪੀਣੀ ਚਾਹੀਦੀ ਹੈ ਤੇ ਕੀ ਕਹਿੰਦੀ ਹੈ ਇਹ ਰਿਪੋਰਟ... WHO ਭਾਵ ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ ਕਿੰਨੀ ਸ਼ਰਾਬ ਪੀਣੀ ਚਾਹੀਦੀ ਹੈ। WHO ਦੀ ਰਿਪੋਰਟ ਮੁਤਾਬਕ ਥੋੜ੍ਹੀ ਜਿਹੀ ਸ਼ਰਾਬ ਵੀ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਥੋੜ੍ਹੀ ਜਿਹੀ ਮਾਤਰਾ ਵਿੱਚ ਵੀ ਅਲਕੋਹਲ ਵਾਲੇ ਪਦਾਰਥਾਂ ਦਾ ਸੇਵਨ ਕਿਸੇ ਵਿਅਕਤੀ ਦੀ ਸਿਹਤ ਲਈ ਖਤਰਨਾਕ ਹੈ। ਇਸ ਲਈ ਲੋਕਾਂ ਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਗਏ ਅਧਿਐਨ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਇਸ ਅਨੁਸਾਰ ਜਿਹੜੇ ਲੋਕ ਇਹ ਸੋਚਦੇ ਹਨ ਕਿ ਇੱਕ ਜਾਂ ਦੋ ਪੈੱਗ ਕੁਝ ਫਰਕ ਨਹੀਂ ਪੈਂਦਾ, ਉਨ੍ਹਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਸ਼ਰਾਬ ਦਾ ਸੇਵਨ ਸਿਹਤ ਲਈ ਠੀਕ ਨਹੀਂ। ਰਿਪੋਰਟ ਮੁਤਾਬਕ ਸ਼ਰਾਬ ਪੀਣ ਨਾਲ ਕੈਂਸਰ ਤੇ ਲੀਵਰ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਾਬ ਦੀ ਪਹਿਲੀ ਬੂੰਦ ਹੀ ਤੁਹਾਡੀ ਸਿਹਤ ਲਈ ਖਤਰਾ ਬਣ ਸਕਦੀ ਹੈ। ਰਿਪੋਰਟ ਮੁਤਾਬਕ ਸ਼ਰਾਬ ਵਿੱਚ ਮਿਲਾਇਆ ਜਾਣ ਵਾਲਾ ਅਲਕੋਹਲ ਇੱਕ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਹੈ ਜਿਸ ਨਾਲ ਸਰੀਰ ਨੂੰ ਗੰਭੀਰ ਨੁਕਸਾਨ ਹੁੰਦਾ ਹੈ। ਕਈ ਸਾਲ ਪਹਿਲਾਂ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਨੇ ਅਲਕੋਹਲ ਨੂੰ ਗਰੁੱਪ 1 ਕਾਰਸਿਨੋਜਨ ਵਿੱਚ ਸ਼ਾਮਲ ਕੀਤਾ ਸੀ। ਐਸਬੈਸਟਸ, ਰੇਡੀਏਸ਼ਨ ਤੇ ਤੰਬਾਕੂ ਵੀ ਇਸ ਖਤਰਨਾਕ ਸਮੂਹ ਵਿੱਚ ਸ਼ਾਮਲ ਹਨ। ਇਸ ਰਿਪੋਰਟ ਅਨੁਸਾਰ ਅਜੇ ਤੱਕ ਅਜਿਹਾ ਕੋਈ ਅਧਿਐਨ ਨਹੀਂ ਹੋਇਆ ਜਿਸ ਵਿੱਚ ਇਹ ਪਾਇਆ ਗਿਆ ਹੋਵੇ ਕਿ ਸ਼ਰਾਬ ਪੀਣਾ ਦਿਲ ਦੀਆਂ ਬਿਮਾਰੀਆਂ ਤੇ ਟਾਈਪ 2 ਡਾਇਬਟੀਜ਼ ਲਈ ਫਾਇਦੇਮੰਦ ਹੈ।