ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਦਿਲਜੀਤ ਨੇ 27 ਅਪ੍ਰੈਲ ਨੂੰ (ਕੈਨੇਡਾ ਦੇ ਟਾਈਮ ਦੇ ਹਿਸਾਬ ਨਾਲ) ਕੈਨੇਡਾ ਦੇ ਬੀਸੀ ਸਟੇਡੀਅਮ 'ਚ 54 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਸਾਹਮਣੇ ਲਾਈਵ ਪਰਫਾਰਮੈਂਸ ਦਿੱਤੀ। ਦਿਲਜੀਤ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਵੀ ਪਾਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰ ਕੈਪਸ਼ਨ ਲਿਖੀ, 'ਇਤਿਹਾਸ ਰਚਿਆ ਗਿਆ।' ਬੀਸੀ ਪਲੇਸ ਵਿੱਚ ਲਾਈਵ ਸ਼ੋਅ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ ਵਿੱਚ ਆਪਣੇ ਕੰਸਰਟ ਨਾਲ ਕੈਨੇਡਾ ਵਿੱਚ ਹਲਚਲ ਮਚਾ ਦਿੱਤੀ ਹੈ। ਦਿਲਜੀਤ ਦੇ ਇਸ ਲਾਈਵ ਸ਼ੋਅ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਗਾਇਕ ਨੇ ਆਪਣੇ ਚੱਲ ਰਹੇ 'ਦਿਲ-ਲੁਮਿਨਾਤੀ' ਦੌਰੇ ਦੌਰਾਨ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਦਿਲਜੀਤ ਨੇ ਹਾਊਸਫੁੱਲ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਆਪਣੇ ਮਸ਼ਹੂਰ ਟਰੈਕਾਂ ਵਿੱਚੋਂ, ਗਾਇਕ ਨੇ ਆਪਣੀ ਐਲਬਮ 'ਗੋਟ' ਤੋਂ ਗੀਤ ਗਾਏ। ਸੰਗੀਤ ਸਮਾਰੋਹ ਲਈ ਅਦਾਕਾਰ ਨੇ ਆਲ-ਬਲੈਕ ਪਹਿਨਿਆ ਹੋਇਆ ਸੀ।