ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ ਹੈ। ਉਹ 72 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਰਿਪੋਰਟਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ। ਪੰਕਜ ਉਧਾਸ ਦਾ ਅੱਜ ਸਵੇਰੇ 11 ਵਜੇ ਮੁੰਬਈ ਵਿੱਚ ਦੇਹਾਂਤ ਹੋ ਗਿਆ। ਕੁਝ ਸਮੇਂ ਤੋਂ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਸਨ। ਇਸ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਪੰਕਜ ਉਧਾਸ ਨੂੰ ਕੁਝ ਮਹੀਨੇ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਿਸੇ ਨੂੰ ਵੀ ਨਹੀਂ ਮਿਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਮੁੰਬਈ ਵਿੱਚ ਕੀਤਾ ਜਾਵੇਗਾ। ਗਾਇਕ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਲਿਖਿਆ ਹੈ - ਭਾਰੀ ਹਿਰਦੇ ਨਾਲ ਤੁਹਾਨੂੰ ਸੂਚਨਾ ਦੇ ਰਹੇ ਹਾਂ ਕਿ ਲੰਬੀ ਬਿਮਾਰੀ ਕਾਰਨ 26 ਫਰਵਰੀ 2024 ਨੂੰ ਪਦਮਸ਼੍ਰੀ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ। ਬੜੇ ਭਾਰੇ ਤੇ ਦੁਖੀ ਹਿਰਦੇ ਨਾਲ ਅਸੀਂ ਤੁਹਾਨੂੰ ਉਨ੍ਹਾਂ ਦੇ ਦੇਹਾਂਤ ਦਾ ਸਮਾਚਾਰ ਦੇ ਰਹੇ ਹਾਂ।