ਪੰਜਾਬੀ ਅਦਾਕਾਰਾ, ਮਾਡਲ ਤੇ ਸਿੰਗਰ ਸੋਨੀਆ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਹ ਕਿਸਾਨ ਅੰਦੋਲਨ 2.0 'ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਇਹੀ ਨਹੀਂ 2 ਦਿਨ ਪਹਿਲਾਂ ਸੋਨੀਆ ਮਾਨ ਕੇਂਦਰ ਸਰਕਾਰ ਦੇ ਹਮਲੇ ਦਾ ਵੀ ਸ਼ਿਕਾਰ ਹੋਈ ਸੀ, ਜਦੋਂ ਖਨੌਰੀ ਬਾਰਡਰ 'ਤੇ ਸਰਕਾਰ ਨੇ ਧਰਨਾ ਲਾ ਰਹੇ ਕਿਸਾਨਾਂ 'ਤੇ ਹੰਝੂ ਗੈਸ ਛੱਡੀ ਸੀ। ਉਸ ਸਮੇਂ ਸੋਨੀਆ ਮਾਨ ਵੀ ਧਰਨੇ 'ਚ ਸ਼ਾਮਲ ਸੀ ਅਤੇ ਉਸ ਦੀ ਹਾਲਤ ਵਿਗੜ ਗਈ ਸੀ। ਇਹੀ ਨਹੀਂ ਉਹ ਜ਼ਖਮੀ ਵੀ ਹੋ ਗਈ ਸੀ। ਇਸ ਤੋਂ ਬਾਅਦ ਹੁਣ ਸੋਨੀਆ ਮਾਨ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਸੋਨੀਆ ਮਾਨ 2022 'ਚ ਹਰਿਆਣਾ ਜਾਟ ਮਹਾਸਭਾ 'ਚ ਸ਼ਾਮਲ ਹੋਈ ਸੀ। ਉਸ ਨੂੰ ਮਹਿਲਾ ਯੂਥ ਵਿੰਗ ਪੰਜਾਬ ਦੀ ਪ੍ਰਧਾਨ ਵੀ ਬਣਾਇਆ ਗਿਆ ਸੀ। ਪਰ ਹੁਣ ਸੋਨੀਆ ਮਾਨ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੋਨੀਆ ਮਾਨ ਨੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਜਾਟ ਮਹਾਸਭਾ ਦੇ ਪ੍ਰਧਾਨ ਦੇ ਨਾਂ ਅਸਤੀਫਾ ਲਿਿਖਆ। ਉਸ ਨੇ ਕਿਹਾ, 'ਸੇਵਾ ਵਿਖੇ, ਜਾਟ ਮਹਾਸਭਾ ਪ੍ਰਧਾਨ, ਮੈਂ ਆਪਣੇ ਮਹਿਲਾ ਯੂਥ ਵਿੰਗ ਪੰਜਾਬ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ। ਮੈਨੂੰ ਇਹ ਮੌਕਾ ਦੇਣ ਲਈ ਤੁਹਾਡੀ ਧੰਨਵਾਦੀ ਹਾਂ। ਪਰ ਹਾਲ ਹੀ 'ਚ ਜੋ ਵੀ ਕੁੱਝ ਹੋਇਆ, ਉਸ ਤੋਂ ਬਾਅਦ ਮੈਂ ਇਸ ਅਹੁਦੇ 'ਤੇ ਨਹੀਂ ਰਹਿ ਸਕਦੀ। ਕਿਰਪਾ ਕਰਕੇ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ। ਸੋਨੀਆ ਮਾਨ।'